-ਮਾਪਿਆਂ ਨੇ ਬੱਚੇ ਹਟਾਉਣ ਦੀ ਦਿੱਤੀ ਚਿਤਾਵਨੀ, ਕੀਤੀ ਨਾਅਰੇਬਾਜ਼ੀ
ਬਰਨਾਲਾ 24 ਮਈ (ਨਿਰਮਲ ਸਿੰਘ ਪੰਡੋਰੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੀ ਮੈਨੇਜਮੈਂਟ ਕਮੇਟੀ ਦੀ ਚੋਣ ਦਾ ਪੇਚ ਸਿਆਸਤ ਦੀ ਮੋਰੀ ਵਿਚ ਫਸਦਾ ਜਾਪਦਾ ਹੈ । ਜੀ98 ਨਿਊਜ਼ ਸਰਵਿਸ ਨਾਲ ਗੱਲਬਾਤ ਕਰਦੇ ਹੋਏ ਕੁੱਝ ਮਾਪਿਆਂ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਦੇ ਕੁਝ ਆਗੂ ਵਿੱਦਿਆ ਦੇ ਮੰਦਰ ਦੇ ਵਿਹੜੇ ਸਿਆਸਤ ਦੀਆਂ ਪੈੜਾਂ ਪਾ ਰਹੇ ਹਨ । ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਵਿੱਚ ਸਿਆਸੀ ਦਖ਼ਲਅੰਦਾਜ਼ੀ ਦਾ ਮਾਮਲਾ ਇਥੋਂ ਤੱਕ ਪੁੱਜ ਚੁੱਕਾ ਹੈ ਕਿ ਨਰਾਜ਼ ਹੋ ਕੇ ਕੁਝ ਮਾਪਿਆਂ ਨੇ ਆਪਣੇ ਬੱਚੇ ਸਕੂਲ ਵਿੱਚੋਂ ਹਟਾਉਣ ਦਾ ਫੈਸਲਾ ਵੀ ਕੀਤਾ ਹੈ । ਕੁਝ ਬੱਚਿਆਂ ਦੇ ਮਾਪਿਆਂ ਨੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਦੌਰਾਨ ਪ੍ਰਿੰਸੀਪਲ ਅਤੇ ਜ਼ਿਲਾ ਸਿੱਖਿਆ ਅਫ਼ਸਰ ਦੇ ਰਵੱਈਏ ‘ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ । ਜ਼ਿਕਰਯੋਗ ਹੈ ਕਿ ਪਿਛਲੀ ਸਕੂਲ ਮੈਨੇਜਮੈਂਟ ਕਮੇਟੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਜਦ ਨਵੀਂ ਕਮੇਟੀ ਦੀ ਚੋਣ ਹੋਈ ਤਾਂ ਚੋਣ ਪ੍ਰਕਿਰਿਆ ਵਿੱਚ ਕੁਝ ਮਾਪਿਆਂ ਨੇ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਇਤਰਾਜ਼ ਪ੍ਰਗਟ ਕੀਤਾ ਸੀ ਕਿ ਇੱਕ ਮਾਪੇ ਨੂੰ ਚੇਅਰਮੈਨ ਬਣਾ ਦਿੱਤਾ ਗਿਆ ਜਿਸ ਦਾ ਬੱਚਾ ਬਾਰਵੀਂ ਕਲਾਸ ਦਾ ਵਿਦਿਆਰਥੀ ਹੈ ਜਦ ਕਿ ਨਿਯਮਾਂ ਮੁਤਾਬਕ ਚੇਅਰਮੈਨ ਦਾ ਬੱਚਾ ਘੱਟੋ-ਘੱਟ ਤਿੰਨ ਸਾਲ ਹੋਰ ਸਕੂਲ ਵਿੱਚ ਪੜ੍ਹਨਾ ਚਾਹੀਦਾ ਹੈ । ਬੱਚਿਆਂ ਦੇ ਮਾਪਿਆਂ ਦੇ ਇਤਰਾਜ਼ ਤੋਂ ਬਾਅਦ ਇਸ ਕਮੇਟੀ ਦੀ ਚੋਣ ਰੱਦ ਕੀਤੀ ਗਈ ਅਤੇ ਦੁਬਾਰਾ 24 ਮਈ ਨੂੰ ਚੋਣ ਰੱਖੀ ਗਈ । ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪੇ ਚਮਕੌਰ ਸਿੰਘ, ਗੁਲਜ਼ਾਰ ਸਿੰਘ, ਜਗਦੀਸ਼ ਸਿੰਘ, ਲਖਵਿੰਦਰ ਸਿੰਘ, ਸਰਬਜੀਤ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ ਅਤੇ ਸਮਾਜਸੇਵੀ ਕੁਲਦੀਪ ਤਾਜਪੁਰੀਆ ਨੇ ਦੱਸਿਆ ਕਿ 24 ਮਈ ਨੂੰ ਸਕੂਲ ‘ਚ ਚੋਣ ਮੌਕੇ ਇਕੱਠੇ ਹੋਏ ਬੱਚਿਆਂ ਦੇ ਮਾਪਿਆਂ ਨੇ ਸਰਬਸੰਮਤੀ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਕੀਤੀ ਪ੍ਰੰਤੂ ਸਕੂਲ ਪ੍ਰਿੰਸੀਪਲ ਨੇ ਮੌਕੇ ‘ਤੇ ਇਸ ਕਮੇਟੀ ਦੀ ਚੋਣ ਸੰਬੰਧੀ ਅਗਲੇਰੀ ਕਾਰਵਾਈ ਦੇ ਆਨਾਕਾਨੀ ਤੋਂ ਬਾਅਦ ਮਾਪਿਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨਾਲ ਫੋਨ ‘ਤੇ ਸੰਪਰਕ ਕੀਤਾ ।

ਉਨ੍ਹਾਂ ਦੱਸਿਆ ਕਿ ਜਦ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਗੱਲ ਕਰਨ ਤੋਂ ਬਾਅਦ ਵੀ ਮਾਪਿਆਂ ਦੀ ਸੰਤੁਸ਼ਟੀ ਨਾ ਹੋਈ ਤਾਂ ਸਾਰੇ ਮਾਪੇ ਡੀਈਓ ਨਾਲ ਮੁਲਾਕਾਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪੁੱਜੇ । ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਮੁਲਾਕਾਤ ਦੌਰਾਨ ਵੀ ਉਨ੍ਹਾਂ ਨੇ ਮਾਪਿਆਂ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ । ਸਮਾਜਸੇਵੀ ਕੁਲਦੀਪ ਤਾਜਪੁਰੀਆ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਚਿਹਰੇ ਦੇ ਹਾਵ ਭਾਵ ਤੋਂ ਸਪੱਸ਼ਟ ਦਿਸ ਰਿਹਾ ਸੀ ਕਿ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਸੰਬੰਧੀ ਸਿੱਖਿਆ ਅਧਿਕਾਰੀਆਂ ਉਪਰ ਕੋਈ ਦਬਾਅ ਜ਼ਰੂਰ ਹੈ । ਮਾਪਿਆਂ ਨੇ ਜਦ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਸਰਬਸੰਮਤੀ ਨਾਲ ਚੁਣੀ ਕਮੇਟੀ ਸੰਬੰਧੀ ਗੱਲ ਕੀਤੀ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਿੱਧਾ ਹੀ ਆਖ ਦਿੱਤਾ ਕਿ “ਪਹਿਲਾਂ ਰੱਦ ਹੋਈ ਕਮੇਟੀ ਦੇ ਮੈਂਬਰ ਹਾਜ਼ਰ ਨਹੀਂ ਸਨ ਇਸ ਕਰਕੇ ਉਹ ਦੁਬਾਰਾ ਚੋਣ ਕਰਾਂਗੇ” । ਇਸ ਮੌਕੇ ਹਾਜ਼ਰ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਵੇਲੇ ਰਾਜਨੀਤੀ ਦੀ ਬਦਬੂ ਆ ਰਹੀ ਹੈ, ਜੋ ਠੀਕ ਨਹੀਂ ਹੈ । ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕੱਤਰ ਹੋਏ ਬੱਚਿਆਂ ਦੇ ਮਾਪਿਆਂ ਨੇ ਸਿੱਖਿਆ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਿਹਾ ਕਿ ਵਿੱਦਿਆ ਦੇ ਮੰਦਰ ਵਿੱਚ ਰਾਜਨੀਤਕ ਕਲਾਬਾਜ਼ੀਆਂ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ । ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਸਰਕਾਰ, ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਸਬੰਧੀ ਅਪੀਲਾਂ ‘ਤੇ ਕਰੋੜਾਂ ਰੁਪਏ ਖਰਚ ਕਰ ਰਹੀ ਹੈ ਪਰ ਦੂਜੇ ਪਾਸੇ ਹੰਢਿਆਇਆ ਵਿਖੇ ਇੱਕ ਸਕੂਲ ਅਜਿਹਾ ਵੀ ਹੈ ਜਿਥੇ ਬੱਚਿਆਂ ਦੇ ਮਾਪੇ ਲਿਖਤੀ ਤੌਰ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਆਪਣੇ ਬੱਚੇ ਹਟਾਉਣ ਸਬੰਧੀ ਪੱਤਰ ਦੇ ਰਹੇ ਹਨ ।

ਮੌਕੇ ‘ਤੇ ਹਾਜ਼ਰ ਕੁਝ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ ਪ੍ਰੰਤੂ ਹੇਠਲੇ ਪੱਧਰ ਦੇ ਆਗੂ ਬਦਨਾਮੀ ਦਾ ਕਾਰਨ ਬਣ ਰਹੇ ਹਨ । ਇਸ ਮੌਕੇ ਸਮਾਜਸੇਵੀ ਕੁਲਦੀਪ ਤਾਜਪੁਰੀਆ ਨੇ ਮੰਗ ਕੀਤੀ ਕਿ ਪਹਿਲੀ ਚੋਣ ਸਮੇਂ ਨਿਯਮਾਂ ਦੀ ਉਲੰਘਣਾ ਕਰਨ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਵੀ ਹੋਣੀ ਚਾਹੀਦੀ ਹੈ ।