ਬਰਨਾਲਾ, 25 ਅਗਸਤ (ਨਿਰਮਲ ਸਿੰਘ ਪੰਡੋਰੀ)-
–ਟਰੱਕ ਯੂਨੀਅਨ ਬਰਨਾਲਾ ਦੀ ਬੇਸ਼ਕੀਮਤੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਤੋਂ ਬਾਅਦ ਪੈਦਾ ਹੋਏ ਵਿਵਾਦ ਦੌਰਾਨ ਲੰਮੀ ਚੁੱਪੀ ਧਾਰਨ ਕਰਨ ਵਾਲੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਆਖਰ ਅੱਜ ਬਰਨਾਲਾ ਮੀਡੀਆ ਦੇ ਰੂਬਰੂ ਹੋਏ। ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਯੂਨੀਅਨ ਦੀ ਜਗ੍ਹਾ ਲੀਜ਼ ‘ਤੇ ਦੇਣ ਦੇ ਮਾਮਲੇ ‘ਚ ਮੀਤ ਹੇਅਰ, ਹਰਿੰਦਰ ਸਿੰਘ ਧਾਲੀਵਾਲ ਅਤੇ ਓਐਸਡੀ ਹਸਨਪ੍ਰੀਤ ਭਾਰਜਵਾਦ ‘ਤੇ ਉਨਾਂ ਨੂੰ ਮਜ਼ਬੂਰ ਕਰਨ ਦੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਆਪ ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਸਾਰੇ ਮਾਮਲੇ ‘ਚ ਮੀਤ ਹੇਅਰ ਨੂੰ ਮੁੱਖ ਦੋਸ਼ੀ ਦੱਸਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਕਾਰਵਾਈ ਦੀ ਮੰਗ ਕੀਤੀ ਸੀ। ਇਹ ਮੁੱਦਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਭਾਵੇਂ ਕਾਫੀ ਚਰਚਾ ਵਿੱਚ ਰਿਹਾ ਪ੍ਰੰਤੂ ਮੈਂਬਰ ਪਾਰਲੀਮੈਂਟ ਮੀਤ ਹੇਅਰ ਸਮੇਤ ਆਪ ਦੇ ਹੋਰ ਵੀ ਕਿਸੇ ਆਗੂ ਨੇ ਇਸ ‘ਤੇ ਅੱਜ ਤੱਕ ਕੋਈ ਟਿੱਪਣੀ ਨਹੀਂ ਕੀਤੀ ਸੀ। ਹੁਣ ਜਦੋਂ ਗੁਰਦੀਪ ਸਿੰਘ ਬਾਠ ਨੇ ਸਿੱਧੇ ਤੌਰ ‘ਤੇ ਮੀਤ ਹੇਅਰ ਵੱਲ ਉਂਗਲ ਸਿੱਧੀ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਤਾਂ ਮੀਤ ਹੇਅਰ ਨੇ ਮੀਡੀਆ ਦੇ ਸਾਹਮਣੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਯੂਨੀਅਨ ਦੀ ਕਿਸੇ ਜਗ੍ਹਾ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਦੇ ਮਾਮਲੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਸਗੋਂ ਉਹਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਯੂਨੀਅਨ ਦੇ ਪ੍ਰਧਾਨ ਸਿੱਧੂ ਨਾਲ ਨਿੱਜੀ ਨੇੜਤਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਉਹਨਾਂ ਦੀ ਗੁਰਦੀਪ ਸਿੰਘ ਬਾਠ ਨਾਲ ਵੀ ਨਿੱਜੀ ਨੇੜਤਾ ਸੀ, ਪ੍ਰੰਤੂ ਜੇਕਰ ਕੋਈ ਧੋਖਾ ਕਰ ਜਾਵੇ ਤਾਂ ਉਹ ਕੀ ਕਹਿ ਸਕਦੇ ਹਨ। ਪ੍ਰੈਸ ਕਾਨਫਰੰਸ ਦੌਰਾਨ ਮੀਤ ਹੇਅਰ ਨੇ ਇਹ ਹੈਰਾਨੀਜਨਕ ਦਾਅਵਾ ਵੀ ਕੀਤਾ ਕਿ ਉਹਨਾਂ ਨੇ ਹਮੇਸ਼ਾ ਯਾਰੀਆਂ ਨਿਭਾਈਆਂ ਹਨ ਪ੍ਰੰਤੂ ਕਈ ਯਾਰਾਂ ਨੇ ਧੋਖਾ ਕੀਤਾ ਹੈ। ਮੀਤ ਹੇਅਰ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਨਾਲ ਬਤੌਰ ਮੰਤਰੀ 20 ਦੇ ਕਰੀਬ ਆਈਏਐਸ ਅਫਸਰਾਂ ਨੇ ਕੰਮ ਕੀਤਾ ਹੈ ਅਤੇ ਜੇਕਰ ਇਹ ਸਾਰੇ ਅਫ਼ਸਰ ਆਪਣੀ ਸੇਵਾ ਮੁਕਤੀ ਤੋਂ ਬਾਅਦ ਵੀ ਬਤੌਰ ਮੰਤਰੀ ਮੇਰੇ ‘ਤੇ ਕੁਰੱਪਸ਼ਨ ਦਾ ਕੋਈ ਦੋਸ਼ ਲਗਾ ਦੇਣ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਯੋਜਨਾ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਦੀ ਮੀਤ ਹੇਅਰ ਦੇ ਸਮਾਗਮਾਂ ‘ਚੋਂ ਉਹ ਗੈਰ ਹਾਜ਼ਰੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਕਿ “ਉਹ ਬਿਮਾਰ ਹਨ, ਸਾਡੇ ਨਾਲ ਹਨ, ਅਜਿਹੀ ਕੋਈ ਗੱਲ ਨਹੀਂ”। ਮੀਤ ਹੇਅਰ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦੀ ਰਾਜਨੀਤੀ ਪਾਰਦਰਸ਼ੀ ਹੈ ਤੇ ਉਹਨਾਂ ਨੇ ਬਰਨਾਲਾ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਹਨ ਅਤੇ ਕਰ ਰਹੇ ਹਨ। ਯੂਨੀਅਨ ਦੀ ਜਗ੍ਹਾ ਨੂੰ ਲੀਜ਼ ‘ਤੇ ਦੇਣ ਦੇ ਮਾਮਲੇ ਦੀ ਪੜ੍ਹਤਾਲ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੀਤ ਹੇਅਰ ਨੇ ਕਿਹਾ ਕਿ ਉਹ ਇਸ ਦੀ ਪੜ੍ਹਤਾਲ ਲਈ ਡਿਪਟੀ ਕਮਿਸ਼ਨਰ ਨੂੰ ਕਹਿਣਗੇ ਪ੍ਰੰਤੂ ਯੂਨੀਅਨ ਦੇ ਪ੍ਰਧਾਨ ਵੱਲੋਂ ਕੁਝ ਸਮਾਂ ਪਹਿਲਾਂ ਆਰਟੀਓ ‘ਤੇ ਰਿਸ਼ਵਤ ਲੈਣ ਦੇ ਲਗਾਏ ਦੋਸ਼ਾਂ ਦੀ ਚੱਲ ਰਹੀ ਪੜ੍ਹਤਾਲ ਸਬੰਧੀ ਮੀਤ ਹੇਅਰ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਐਮਪੀ ਮੀਤ ਹੇਅਰ ਨੇ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਸੇ ਜਗ੍ਹਾ ਨੂੰ ਲੀਜ਼ ‘ਤੇ ਦੇਣ ਸਬੰਧੀ ਉਹਨਾਂ ਨਾਲ ਕਦੇ ਕੋਈ ਚਰਚਾ ਨਹੀਂ ਕੀਤੀ, ਨਾ ਉਹਨਾਂ ਨੂੰ ਦੱਸਿਆ ਅਤੇ ਨਾ ਹੀ ਪੁੱਛਿਆ ਹੈ। ਉਹਨਾਂ ਕਿਹਾ ਕਿ ਜਦੋਂ ਯੂਨੀਅਨ ਦੀ ਜਗ੍ਹਾ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੂੰ ਆਖ ਦਿੱਤਾ ਗਿਆ ਸੀ ਕਿ ਤੁਸੀਂ ਗਲਤ ਕੀਤਾ ਹੈ। ਮੀਤ ਹੇਅਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਸਿੱਧੂ ਨੂੰ ਉਸੇ ਦਿਨ ਹੀ ਕਹਿ ਦਿੱਤਾ ਗਿਆ ਸੀ ਕਿ ਕਿ ਹੁਣ ਤੁਸੀਂ ਯੂਨੀਅਨ ਵਿੱਚ ਬਤੌਰ ਪ੍ਰਧਾਨ ਨਾ ਜਾਇਓ।
ਉਹਨਾਂ ਦੱਸਿਆ ਕਿ ਟਰੱਕ ਯੂਨੀਅਨ ਵਿੱਚ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਸ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੀਤ ਹੇਅਰ ਨੇ ਮੰਨਿਆ ਕਿ ਕਰੋੜਾਂ ਦੀ ਜਗ੍ਹਾ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਦਾ ਫੈਸਲਾ ਗ਼ਲਤ ਸੀ ਅਤੇ ਇਸ ਸਬੰਧੀ ਸਮੁੱਚੇ ਟਰੱਕ ਆਪਰੇਟਰਾਂ ਨਾਲ ਸਲਾਹ ਕਰਨੀ ਚਾਹੀਦੀ ਸੀ। ਯੂਨੀਅਨ ਦੀ ਜਗ੍ਹਾ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਸਮੇਂ ਮੀਤ ਹੇਅਰ ਕੁਝ ਪਰੇਸ਼ਾਨ ਵੀ ਨਜ਼ਰ ਆਏ ਅਤੇ ਸਵਾਲਾਂ ‘ਚ ਉਲਝਦੇ ਵੀ ਨਜ਼ਰ ਆਏ। ਪੱਤਰਕਾਰਾਂ ਨੇ ਜਦੋਂ ਇਸ ਸਮੁੱਚੇ ਮਾਮਲੇ ਦੀ ਪੜ੍ਹਤਾਲ ਸਬੰਧੀ ਸਵਾਲ ਕੀਤੇ ਤਾਂ ਮੀਤ ਹੇਅਰ ਨੇ ਅਣਮੰਨੇ ਜਿਹੇ ਮਨ ਨਾਲ ਕਿਹਾ ਕਿ “ਉਹ ਇਸ ਦੀ ਪੜ੍ਹਤਾਲ ਲਈ ਡਿਪਟੀ ਕਮਿਸ਼ਨਰ ਨੂੰ ਕਹਿਣਗੇ”। ਇਸ ਮੁੱਦੇ ਸਬੰਧੀ ਜਦ ਲੰਮੀ ਚੁੱਪ ਧਾਰਨ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਮੀਤ ਹੇਅਰ ਨੇ ਕਿਹਾ ਕਿ ਇਹ ਉਹਨਾਂ ਦੀ ਇਸ ਮੁੱਦੇ ‘ਤੇ ਪਹਿਲੀ ਅਤੇ ਆਖ਼ਰੀ ਪ੍ਰੈਸ ਕਾਨਫਰੰਸ ਹੈ, ਉਹਨਾਂ ਕੋਲੋਂ ਹੋਰ ਵੀ ਬਹੁਤ ਸਾਰੇ ਮੁੱਦੇ ਹਨ। ਉਹਨਾਂ ਕਿਹਾ ਕਿ ਉਹ 16 ਲੱਖ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਜਿਨਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਉਹਨਾਂ ਨੇ ਸੋਚਣਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਰੋਜ਼ਾਨਾ ਦੋਸ਼ ਲੱਗਦੇ ਹਨ ਸਾਰਿਆਂ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ ਅਤੇ ਨਾ ਹੀ ਉਹ ਅਜਿਹੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਕੁੱਲ ਮਿਲਾ ਕੇ ਯੂਨੀਅਨ ਦੀ ਕਰੋੜਾਂ ਦੀ ਜ਼ਮੀਨ ਨੂੰ ਸਸਤੇ ਭਾਅ ਲੀਜ਼ ‘ਤੇ ਦੇਣ ਦੇ ਇਸ ਮੁੱਦੇ ‘ਤੇ ਲੰਮੀ ਚੁੱਪ ਧਾਰਨ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਦੀ ਪ੍ਰੈਸ ਕਾਨਫਰੰਸ ਦਾ ਸਾਰਅੰਸ਼ ਇਹੋ ਰਿਹਾ ਕਿ ਆਮ ਆਦਮੀ ਪਾਰਟੀ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਸਿਆਸੀ ਬਦਨਾਮੀ ਦਾ ਕਾਰਨ ਬਣਨ ਵਾਲੇ ਪ੍ਰਧਾਨ ਨੂੰ ਕੁਰਸੀ ਤੋਂ ਲਾਹ ਕੇ ਘਰ ਤੋਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਇਸ ਮਾਮਲੇ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।