ਬਰਨਾਲਾ,24 ਅਗਸਤ (ਨਿਰਮਲ ਸਿੰਘ ਪੰਡੋਰੀ)-
-ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਬਲਾਕ ਮਹਿਲ ਕਲਾਂ ਨਾਲ ਸਬੰਧਿਤ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਭਾਜਪਾ ਵੱਲੋਂ ਮਹਿਲ ਕਲਾਂ ਵਿਖੇ ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਇਹਨਾਂ ਸਕੀਮਾਂ ਦੇ ਕਾਰਡ ਬਣਾਉਣ ਸਬੰਧੀ ਕੈਂਪ ਦਾ ਆਯੋਜਨ ਕੀਤਾ ਜਾਣਾ ਸੀ ਪਰੰਤੂ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਸਥਾਨਕ ਭਾਜਪਾ ਆਗੂਆਂ ਨੂੰ ਅੱਜ ਦਿਨ ਚੜਦੇ ਹੀ ਰਾਊਂਡ ਅੱਪ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪੁਲਿਸ ਵੱਲੋਂ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ, ਸਾਬਕਾ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ,ਸੀਨੀਅਰ ਭਾਜਪਾ ਆਗੂ ਕੁਲਦੀਪ ਮਿੱਤਲ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਆਗੂਆਂ ਨੂੰ ਕੁਝ ਸਮਾਂ ਥਾਣਾ ਮਹਿਲ ਕਲਾਂ ਰੱਖ ਕੇ ਫਿਰ ਥਾਣੇ ਵਿੱਚੋਂ ਕਿਤੇ ਬਾਹਰ ਲਿਜਾਇਆ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚ ਭਾਜਪਾ ਆਗੂਆਂ ਵੱਲੋਂ ਲਗਾਏ ਜਾ ਰਹੇ ਇਹਨਾਂ ਕੈਂਪਾਂ ਸਬੰਧੀ ਪੁਲਿਸ ਵੱਲੋਂ ਮਨਜ਼ੂਰੀ ਪੱਤਰ ਮੰਗੇ ਜਾ ਰਹੀ ਹੈ ਅਤੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਕੈਂਪ CSC ਸਕੀਮ ਤਹਿਤ ਲਾਏ ਜਾ ਰਹੇ ਹਨ, ਜੋ ਕਿ ਪਹਿਲਾਂ ਹੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹਨ ਇਸ ਲਈ ਇਹਨਾਂ ਲਈ ਵੱਖਰੇ ਤੌਰ ‘ਤੇ ਕਿਸੇ ਮਨਜ਼ੂਰੀ ਦੀ ਲੋੜ ਨਹੀਂ ਹੈ। ਭਾਜਪਾ ਆਗੂ ਬੀਬੀ ਹਰਚੰਦ ਕੌਰ ਨੇ ਪੁਲਿਸ ਦੀ ਧੱਕੇਸ਼ਾਹੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਬੁਖਲਾਹਟ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਖੁਦ ਆਪ ਵੱਲੋਂ ਅਜਿਹੇ ਕੈਂਪ ਲਗਾਏ ਜਾਂਦੇ ਸਨ ਅਤੇ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਸਰਕਾਰ ਮੌਕੇ ਕਾਂਗਰਸ ਵੱਲੋਂ ਵੀ ਅਜਿਹੀ ਕੈਂਪ ਲਗਾਏ ਜਾਂਦੇ ਰਹੇ ਹਨ।
ਪ੍ਰਧਾਨ ਸ਼ੰਟੀ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਸਮੁੱਚੇ ਪੰਜਾਬ ‘ਚ ਅਜਿਹੇ ਕੈਂਪ ਲਗਾ ਕੇ ਲੱਖਾਂ ਦੀ ਗਿਣਤੀ ਵਿੱਚ ਫਾਰਮ ਭਰੇ ਗਏ ਅਤੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤੇ ਗਏ। ਉਹਨਾਂ ਕਿਹਾ ਕਿ ਆਪ ਸਰਕਾਰ ਲੋੜਵੰਦ ਲੋਕਾਂ ਲਈ ਖੁਦ ਕੁਝ ਕਰਨ ਲਈ ਰਹੀ ਅਤੇ ਨਾ ਹੀ ਕਿਸੇ ਨੂੰ ਕਰਨ ਦੇਣ ਰਹੀ ਹੈ। ਭਾਜਪਾ ਵੱਲੋਂ ਲਗਾਏ ਜਾ ਰਹੇ ਕੈਂਪਾਂ ਬਾਰੇ ਪੁਲਿਸ ਦੀ ਧੱਕੇਸ਼ਾਹੀ ਦੀ ਨਿੰਦਾ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਮਾਮਲਾ ਭਾਜਪਾ ਦੇ ਕੇਂਦਰੀ ਆਗੂਆਂ ਦੇ ਧਿਆਨ ਵਿੱਚ ਹੈ ਅਤੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚ ਇਹ ਕੈਂਪ ਲਗਾਏ ਜਾਣਗੇ ਅਤੇ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੂਜੇ ਪਾਸੇ ਭਾਜਪਾ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਸਬੰਧੀ ਜਦ ਐਸਐਚਓ ਸ਼ੇਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹ ਕਿਸੇ ਵੀ ਭਾਜਪਾ ਆਗੂ ਨੂੰ ਹਿਰਾਸਤ ਵਿੱਚ ਲੈਣ ਤੋਂ ਸਾਫ ਹੀ ਮੁੱਕਰ ਗਏ, ਜਦ ਕਿ ਭਾਜਪਾ ਆਗੂ ਸਾਬਕਾ ਸਰਪੰਚ ਬਲਦੀਪ ਸਿੰਘ ਮਹਿਲ ਖੁਰਦ ਨੂੰ ਬੱਸ ਸਟੈਂਡ ਮਹਿਲ ਕਲਾਂ ਤੋਂ ਪੁਲਿਸ ਕਰਮਚਾਰੀਆਂ ਨੇ ਲੋਕਾਂ ਦੇ ਸਾਹਮਣੇ ਚੁੱਕਿਆ।