ਚੰਡੀਗੜ੍ਹ, 24 ਅਗਸਤ, Gee98 news service
-ਭਾਰਤ ਦੇ ਨਾਗਰਿਕਾਂ ਵਿੱਚ ਇਹ ਧਾਰਨਾ ਆਮ ਹੀ ਹੈ ਕਿ ਆਪਣੀ ਨਾਗਰਿਕਤਾ ਸਿੱਧ ਕਰਨ ਲਈ ਸਿਰਫ਼ ਆਧਾਰ ਕਾਰਡ,ਪੈਨ ਕਾਰਡ ਜਾਂ ਪਾਸਪੋਰਟ ਹੋਣਾ ਜ਼ਰੂਰੀ ਹੈ, ਇਹ ਧਾਰਨਾ ਲੋਕਾਂ ਦੇ ਮਨਾਂ ਵਿੱਚ ਇਸ ਕਰਕੇ ਵੀ ਹੈ ਕਿ ਕਈ ਥਾਵਾਂ ‘ਤੇ ਨਾਗਰਿਕਤਾ ਦੇ ਸਬੂਤ ਦੇਣ ਮੌਕੇ ਭਾਵੇਂ ਨਾਗਰਿਕ ਕੋਲ ਹੋਰ ਜਿੰਨੇ ਮਰਜ਼ੀ ਸਬੂਤ ਹੋਣ ਪ੍ਰੰਤੂ ਉਸ ਕੋਲੋਂ ਆਧਾਰ ਕਾਰਡ, ਪੈਨ ਕਾਰਡ ਜਾਂ ਪਾਸਪੋਰਟ ਵਿੱਚੋਂ ਕਿਸੇ ਇੱਕ ਦੀ ਮੰਗ ਜ਼ਰੂਰ ਕੀਤੀ ਜਾਂਦੀ ਹੈ ਪ੍ਰੰਤੂ ਭਾਰਤ ਦੇ ਵੱਡੀ ਗਿਣਤੀ ਨਾਗਰਿਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕਾਨੂੰਨੀ ਤੌਰ ‘ਤੇ ਸਿਰਫ਼ ਇਹ ਤਿੰਨੋਂ ਦਸਤਾਵੇਜ਼ ਹੀ ਭਾਰਤੀ ਨਾਗਰਿਕਤਾ ਦਾ ਇੱਕੋ-ਇੱਕ ਸਬੂਤ ਨਹੀਂ ਹਨ ਬਲਕਿ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਦਸਤਾਵੇਜ਼ ਹਨ ਜੋ ਨਾਗਰਿਕਤਾ ਸਿੱਧ ਕਰਨ ਲਈ ਬਦਲਵੇਂ ਸਬੂਤਾਂ ਵਜੋਂ ਮੰਨੇ ਜਾਂਦੇ ਹਨ। ਜੇਕਰ ਤੁਹਾਡੇ ਕੋਲ ਆਧਾਰ, ਪੈਨ ਜਾਂ ਪਾਸਪੋਰਟ ਨਹੀਂ ਹੈ, ਤਾਂ ਵੀ ਤੁਸੀਂ ਹੇਠਾਂ ਦਿੱਤੇ ਦਸਤਾਵੇਜ਼ਾਂ ਰਾਹੀਂ ਆਪਣੀ ਨਾਗਰਿਕਤਾ ਸਾਬਤ ਕਰ ਸਕਦੇ ਹੋ ਜਿਵੇਂ ਕਿ ਜਨਮ ਸਰਟੀਫਿਕੇਟ ਵੀ ਨਾਗਰਿਕਤਾ ਦਾ ਸਭ ਤੋਂ ਮਹੱਤਵਪੂਰਨ ਸਬੂਤ ਹੈ।
ਸਰਕਾਰ ਨੇ ਹੁਣ ਇਸ ਨੂੰ ਬਣਾਉਣ ਦੀ ਉਮਰ ਸੀਮਾ ਵੀ ਹਟਾ ਦਿੱਤੀ ਹੈ, ਤਾਂ ਜੋ ਕਿਸੇ ਵੀ ਉਮਰ ਵਿੱਚ ਜਨਮ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵੋਟਰ ਆਈ ਕਾਰਡ ਵੀ ਨਾਗਰਿਕਤਾ ਦਾ ਇੱਕ ਅਹਿਮ ਸਬੂਤ ਹੈ। ਸਕੂਲ/ਕਾਲਜ ਵਿੱਚ ਦਾਖਲੇ ਜਾਂ ਟਰਾਂਸਫਰ ਸਰਟੀਫਿਕੇਟ ਵੀ ਤੁਹਾਡੀ ਨਾਗਰਿਕਤਾ ਸਾਬਤ ਕਰ ਸਕਦੇ ਹਨ। ਇਸ ਤੋਂ ਇਲਾਵਾ ਸਥਾਈ ਨਿਵਾਸ ਦੇ ਸਬੂਤ ਜਿਵੇਂ ਰਾਸ਼ਨ ਕਾਰਡ, ਬਿਜਲੀ ਜਾਂ ਪਾਣੀ ਦੇ ਬਿੱਲ, ਜਾਇਦਾਦ ਦੀ ਰਜਿਸਟਰੀ ਜਾਂ ਜਾਇਦਾਦ ਟੈਕਸ ਦੇ ਸਬੂਤ ਵੀ ਤੁਹਾਡੀ ਨਾਗਰਿਕਤਾ ਸਾਬਤ ਕਰਨ ਵਿੱਚ ਮਦਦ ਕਰ ਸਕਦੇ ਹਨ। ਪੰਚਾਇਤ ਜਾਂ ਨਗਰ ਨਿਗਮ ਦੁਆਰਾ ਜਾਰੀ ਕੀਤਾ ਗਿਆ ਸਥਾਨਕ ਨਿਵਾਸ ਸਰਟੀਫਿਕੇਟ ਵੀ ਮੰਨਣ ਯੋਗ ਹੈ ਅਤੇ ਸਰਕਾਰੀ ਨੌਕਰੀਆਂ ਨਾਲ ਸਬੰਧਤ ਦਸਤਾਵੇਜ਼ ਵੀ ਇਸ ਲਈ ਵਰਤੇ ਜਾ ਸਕਦੇ ਹਨ। ਨਾਗਰਿਕਤਾ ਦੇ ਸਬੂਤਾਂ ਨਾਲ ਸੰਬੰਧਿਤ ਇੱਕ ਅਹਿਮ ਗੱਲ ਇਹ ਵੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲ ਉਪਰੋਕਤ ਵਿੱਚੋਂ ਕੋਈ ਵੀ ਦਸਤਾਵੇਜ਼ ਨਹੀਂ ਹੈ, ਤਾਂ ਉਹ ਸਥਾਨਕ ਪ੍ਰਸ਼ਾਸਨ ਦੀ ਮਦਦ ਲੈ ਸਕਦਾ ਹੈ। ਤਹਿਸੀਲ ਦਫ਼ਤਰ, ਨਗਰ ਨਿਗਮ ਜਾਂ ਪੰਚਾਇਤ ਤੋਂ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ। ਗ੍ਰਾਮ ਪ੍ਰਧਾਨ, ਕੌਂਸਲਰ ਜਾਂ ਸਥਾਨਕ ਅਧਿਕਾਰੀ ਦੀ ਸਿਫਾਰਸ਼ ਵੀ ਨਾਗਰਿਕਤਾ ਸਾਬਤ ਕਰਨ ਵਿੱਚ ਮਦਦਗਾਰ ਹੋ ਸਕਦੀ ਹੈ। ਅਦਾਲਤਾਂ ਵੀ ਅਜਿਹੇ ਮਾਮਲਿਆਂ ਵਿੱਚ ਹਾਲਾਤੀ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਨੂੰ ਸਵੀਕਾਰ ਕਰ ਸਕਦੀਆਂ ਹਨ।