ਬਰਨਾਲਾ, 25 ਅਗਸਤ (ਨਿਰਮਲ ਸਿੰਘ ਪੰਡੋਰੀ)-
-ਭਾਵੇਂ ਕਿ ਬੀਤੇ ਕੱਲ੍ਹ ਤੋਂ ਲਗਾਤਾਰ ਮੀਹ ਪੈਣ ਕਾਰਨ ਬਰਨਾਲਾ ਜ਼ਿਲ੍ਹੇ ਵਿੱਚ ਮੌਸਮ ਦੀ ਤਾਸੀਰ ਕੁਝ ਠੰਡੀ ਹੋਈ ਹੈ ਪ੍ਰੰਤੂ ਬਰਨਾਲਾ ਦੀ ਰਾਜਨੀਤਿਕ ਦਾ ਮਾਹੌਲ ਪੂਰਾ ਗਰਮ ਹੈ। ਟਰੱਕ ਯੂਨੀਅਨ ਬਰਨਾਲਾ ਦੀ ਕਰੋੜਾਂ ਦੀ ਜ਼ਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਤੋਂ ਬਾਅਦ ਚਰਚਾ ਵਿੱਚ ਆਏ ਟਰੱਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਇੱਕ ਇੰਟਰਵਿਊ ਨੇ ਸੁਆਰਥੀ ਅਤੇ ਗੰਧਲੀ ਰਾਜਨੀਤੀ ਦੀ ਤਸਵੀਰ ਪੇਸ਼ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਸਿੱਧੂ ਨੇ ਯੂਨੀਅਨ ਦੀ ਕੰਡੇ ਵਾਲੀ ਜਗ੍ਹਾ ਨੂੰ ਪੈਟਰੋਲ ਪੰਪ ਲਗਾਉਣ ਲਈ ਸਿਰਫ਼ 6500 ਰੁਪਏ ਸਲਾਨਾ ਲੀਜ਼ ‘ਤੇ ਦੇਣ ਪਿੱਛੇ ਬਰਨਾਲਾ ਦੇ ਵੱਡੇ ਆਪ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ। ਪ੍ਰਧਾਨ ਸਿੱਧੂ ਨੇ ਸਾਫ ਸ਼ਬਦਾਂ ਵਿੱਚ ਆਖਿਆ ਕਿ ਉਹਨਾਂ ਨੇ ਸਾਰਾ ਕੁਝ ਬਰਨਾਲਾ ਜ਼ਿਲ੍ਹੇ ਦੀ ਕਮਾਂਡ ਸੰਭਾਲ ਰਹੇ ਸੱਤਾਧਾਰੀ ਆਗੂਆਂ ਦੇ ਕਹਿਣ ਅਨੁਸਾਰ ਹੀ ਕੀਤਾ ਸੀ। ਪ੍ਰਧਾਨ ਸਿੱਧੂ ਨੇ ਭਾਵੇਂ ਆਪਣੀ ਇੰਟਰਵਿਊ ‘ਚ ਦੋਸ਼ਾਂ ਦੀ ਝੜੀ ਲਗਾ ਕੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਅਤੇ ਉਹਨਾਂ ਦੇ ਅੰਗੀਆਂ ਸੰਗੀਆਂ ਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਯਤਨ ਕੀਤਾ ਪ੍ਰੰਤੂ ਸਿਆਸੀ ਹਲਕਿਆਂ ਅਨੁਸਾਰ ਪ੍ਰਧਾਨ ਸਿੱਧੂ ਦੀ ਇਹ ਇੰਟਰਵਿਊ ਆਪਣੇ ਉੱਪਰ ਲੱਗੇ ਕਲੰਕ ਨੂੰ ਮਿਟਾਉਣ ਲਈ ਮਿੱਠੇ ਪੋਚੇ ਹੀ ਹਨ।
ਲੋਕਾਂ ਦਾ ਕਹਿਣਾ ਹੈ ਕਿ ਯੂਨੀਅਨ ਦੀ ਬੇਸ਼ਕੀਮਤੀ ਜਗ੍ਹਾ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਦਾ ਮਾਮਲਾ ਜੱਗ ਜ਼ਾਹਿਰ ਹੋਣ ਤੋਂ ਬਾਅਦ ਵਿਧਾਇਕ ਕਾਲਾ ਢਿੱਲੋਂ ਅਤੇ ਆਪ ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠ ਵੱਲੋਂ ਮੁੱਦਾ ਚੁੱਕੇ ਜਾਣ ਵੇਲੇ ਪ੍ਰਧਾਨ ਸਿੱਧੂ ਨੂੰ ਤੁਰੰਤ ਲੋਕਲ ਮੀਡੀਆ ਦੇ ਸਾਹਮਣੇ ਆਉਣਾ ਚਾਹੀਦਾ ਸੀ ਅਤੇ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ੍ਹ ਆਪਣੀ ਇੰਟਰਵਿਊ ਵਿੱਚ ਆਖੀਆਂ,ਉਹ ਤੁਰੰਤ ਕਹਿਣੀਆਂ ਚਾਹੀਦੀਆਂ ਸਨ। ਹੁਣ ਸਵਾਲ ਇਹ ਉੱਠਦਾ ਹੈ ਕਿ ਪ੍ਰਧਾਨ ਸਿੱਧੂ ਐਨਾ ਲੰਮਾ ਸਮਾਂ ਚੁੱਪ ਕਿਉਂ ਰਹੇ ? ਭਾਵੇਂ ਕਿ ਇਸ ਪੱਖ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਜਗ੍ਹਾ ਨੂੰ ਲੀਜ਼ ‘ਤੇ ਦੇਣ ਦਾ ਵੱਡਾ ਫੈਸਲਾ ਇਕੱਲਾ ਪ੍ਰਧਾਨ ਕਿਸੇ ਸਿਆਸੀ ਆਗੂ ਦੀ ਸ਼ਹਿ ਤੋਂ ਬਿਨਾਂ ਨਹੀਂ ਕਰ ਸਕਦਾ ਪ੍ਰੰਤੂ ਚਰਚਾ ਇਹ ਵੀ ਹੋ ਰਹੀ ਹੈ ਕਿ ਹੁਣ ਜਦੋਂ ਪ੍ਰਧਾਨਗੀ ਖੁੱਸਦੀ ਨਜ਼ਰ ਆ ਰਹੀ ਹੈ ਤਾਂ ਪ੍ਰਧਾਨ ਨੇ ਟਰੱਕ ਆਪਰੇਟਰਾਂ ਅਤੇ ਆਮ ਲੋਕਾਂ ਦੀ ਹਮਦਰਦੀ ਜਿੱਤਣ ਲਈ ਨਵਾਂ ਸਿਆਸੀ ਪੈਂਤੜਾ ਖੇਡਿਆ ਹੈ। ਜੇਕਰ ਪ੍ਰਧਾਨ ਦੇ ਦੋਸ਼ਾਂ ਨੂੰ ਸੱਚ ਵੀ ਮੰਨ ਲਿਆ ਜਾਵੇ ਕਿ ਉਹਨਾਂ ਨੇ ਵੱਡੇ ਆਗੂਆਂ ਦੇ ਕਹਿਣ ‘ਤੇ ਹੀ ਸਭ ਕੁਝ ਕੀਤਾ ਤਾਂ ਪ੍ਰਧਾਨ ਸਾਹਿਬ ਇਸ ਗੱਲੋਂ ਤਾਂ ਮੁਨਕਰ ਨਹੀਂ ਹੋ ਸਕਦੇ ਕਿ ਕਲਮ ਤਾਂ ਉਹਨਾਂ ਦੇ ਹੱਥ ਵਿੱਚ ਹੀ ਸੀ। ਸਵਾਲ ਇਹ ਵੀ ਉਠਦੇ ਹਨ ਕਿ ਜੇਕਰ ਉਹਨਾਂ ਨੂੰ “ਬਾਈ ਜੀ” ਵੱਲੋਂ ਜਾਂ ਕਿਸੇ ਹੋਰ ਵੱਡੇ ਆਗੂ ਵੱਲੋਂ ਮਜ਼ਬੂਰ ਕੀਤਾ ਗਿਆ ਤਾਂ ਉਹਨਾਂ ਨੇ ਤੁਰੰਤ ਪ੍ਰਧਾਨਗੀ ਕਿਉਂ ਨਹੀਂ ਛੱਡ ਦਿੱਤੀ ? ਵੱਡੇ ਦੋਸ਼ ਲੱਗਣ ਤੋਂ ਬਾਅਦ ਵੀ ਪ੍ਰਧਾਨ ਸਾਹਿਬ ਪ੍ਰਧਾਨਗੀ ਨਾਲ ਕਿਉਂ ਚਿੰਬੜੇ ਰਹੇ ? ਚਰਚਾ ਇਹ ਵੀ ਹੋ ਰਹੀ ਹੈ ਕਿ ਸ਼ਿਕਾਇਤਾਂ ਮਿਲਣ ਤੋਂ ਬਾਅਦ ਯੂਨੀਅਨ ਦਾ ਰਿਕਾਰਡ ਪੜ੍ਹਤਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗ ਲਿਆ ਹੈ, ਜਿਸ ਕਰਕੇ ਪ੍ਰਧਾਨ ਲੋਕਾਂ ਦਾ ਧਿਆਨ ਭਟਕਾ ਰਿਹਾ ਹੈ।
ਕੁੱਲ ਮਿਲਾ ਕੇ ਜਿਹੜੇ ਦੋਸ਼ ਪ੍ਰਧਾਨ ਨੇ ਆਪਣੀ ਇੰਟਰਵਿਊ ਵਿੱਚ ਲਗਾਏ ਹਨ ਇਹ ਦੋਸ਼ ਕੰਡੇ ਵਾਲੀ ਜਗ੍ਹਾ ਦਾ ਮਾਮਲਾ ਸਾਹਮਣਾ ਆਉਣ ਤੋਂ ਬਾਅਦ ਵਿਧਾਇਕ ਢਿੱਲੋਂ ਅਤੇ ਗੁਰਦੀਪ ਸਿੰਘ ਬਾਠ ਵੱਲੋਂ ਪਿਛਲੇ ਇੱਕ ਮਹੀਨੇ ਤੋਂ ਲਗਾਏ ਜਾ ਰਹੇ ਹਨ, ਇਸ ਲਈ ਪ੍ਰਧਾਨ ਦੀ ਇੰਟਰਵਿਊ ਵਿੱਚ ਕੁਝ ਨਵਾਂ ਨਹੀਂ ਹੈ ਜਿਸ ਨੂੰ ਸਨਸਨੀਖੇਜ਼ ਮੰਨਿਆ ਜਾਵੇ। ਕੁਲ ਮਿਲਾ ਕੇ ਪ੍ਰਧਾਨ ਦੀ ਇੰਟਰਵਿਊ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਕਿ “ਪ੍ਰਧਾਨ ਨੇ “ਦੀਵਾਲੀ ਤੋਂ ਬਾਅਦ ਪਟਾਕੇ” ਚਲਾਏ ਹਨ ਕੋਈ ਆਖ ਰਿਹਾ ਹੈ ਕਿ ਪ੍ਰਧਾਨ ਨੇ “ਤੀਆਂ ਪਿੱਛੋਂ ਲੂੰਗੀ ਫੂਕੀ ਹੈ”… ਜਿਸ ਦੀ ਅੱਗ ਦਾ ਸੇਕ ਪ੍ਰਧਾਨਗੀ ਨੂੰ ਵੀ ਲੱਗ ਸਕਦਾ ਹੈ।