ਬਰਨਾਲਾ,26 ਅਗਸਤ (ਨਿਰਮਲ ਸਿੰਘ ਪੰਡੋਰੀ)-
ਟਰੱਕ ਯੂਨੀਅਨ ਬਰਨਾਲਾ ‘ਚ ਪੈਦਾ ਹੋਏ ਵਿਵਾਦ ਨੇ ਅੱਜ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਥਾਂ ‘ਤੇ ਚਰਨਜੀਤ ਸਿੰਘ ਖਟੜਾ ਨੂੰ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ। ਟਰੱਕ ਯੂਨੀਅਨ ਬਰਨਾਲਾ ਦੇ ਵਿਹੜੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਟਰੱਕ ਆਪਰੇਟਰਾਂ ਨੇ ਚਰਨਜੀਤ ਸਿੰਘ ਖਟੜਾ ਨੂੰ ਪ੍ਰਧਾਨ ਮੰਨ ਲਿਆ। ਸ. ਖਟੜਾ ਦੇ ਨਾਲ ਪਾਲਾ ਸਿੰਘ, ਲਵਪ੍ਰੀਤ ਸਿੰਘ ਦੀਵਾਨਾ ਅਤੇ ਮਲਕੀਤ ਸਿੰਘ ਗੋਧਾ ਦੀ ਇੱਕ ਕਮੇਟੀ ਵੀ ਗਠਿਤ ਕੀਤੀ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਇਸ ਮੌਕੇ ਟਰੱਕ ਆਪਰੇਟਰਾਂ ਨੂੰ ਸੰਬੋਧਨ ਕਰਦੇ ਹੋਏ ਮੀਤ ਹੇਅਰ ਨੇ ਆਪਣੇ ਪੁਰਾਣੇ ਬੇਲੀ ਅਤੇ ਮੌਜੂਦਾ ਸਿਆਸੀ ਵਿਰੋਧੀ ਗੁਰਦੀਪ ਸਿੰਘ ਬਾਠ ‘ਤੇ ਤਿੱਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦੀ ਗਦਾਰੀ ਬਾਠ ਨੇ ਉਹਨਾਂ ਨਾਲ ਕੀਤੀ ਉਸ ਦੇ ਮੱਦੇਨਜ਼ਰ ਬਰਨਾਲਾ ਦੀ ਰਾਜਨੀਤੀ ਵਿੱਚ ਆਉਣ ਵਾਲੇ 30-40 ਸਾਲ ਤੱਕ ਕੋਈ ਲੀਡਰ ਆਪਣੇ ਨੇੜੇ ਰਹਿਣ ਵਾਲੇ ਕਿਸੇ ਮਿੱਤਰ ‘ਤੇ ਯਕੀਨ ਨਹੀਂ ਕਰੇਗਾ।
ਟਰੱਕ ਯੂਨੀਅਨ ਦੇ ਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਕਿ ਸੱਤਾਧਾਰੀ ਪਾਰਟੀ ਨੂੰ ਟਰੱਕ ਆਪਰੇਟਰਾਂ ਦੇ ਦਬਾਅ ਹੇਠ ਆ ਕੇ ਆਪੇ ਹੀ ਨਿਯੁਕਤ ਕੀਤਾ ਪ੍ਰਧਾਨ ਬਦਲਣਾ ਪਿਆ ਹੋਵੇ। ਦੱਸ ਦੇਈਏ ਕਿ ਹਟਾਇਆ ਗਿਆ ਪ੍ਰਧਾਨ ਹਰਦੀਪ ਸਿੰਘ ਸਿੱਧੂ ਵੀ ਮੀਤ ਹੇਅਰ ਦਾ ਜੁੰਡੀ ਦਾ ਯਾਰ ਸੀ, ਜਿਸ ਉਪਰ ਗੰਭੀਰ ਦੋਸ਼ ਲਗਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਮੀਤ ਹੇਅਰ ਵੀ ਕਟਹਿਰੇ ਵਿੱਚ ਖੜਿਆ ਦਿਸਿਆ ਤਾਂ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੀਤ ਹੇਅਰ ਦੇ ਖ਼ੇਮੇ ਨੇ ਪ੍ਰਧਾਨ ਨੂੰ ਘਰ ਤੋਰਨ ਵਿੱਚ ਹੀ ਭਲਾਈ ਸਮਝੀ,ਕਿਉਂਕਿ ਸਿੱਧੂ ਦੇ ਖ਼ਿਲਾਫ਼ ਟਰੱਕ ਆਪਰੇਟਰਾਂ ਦੇ ਤੇਵਰ ਤਿੱਖੇ ਸਨ। ਉੱਥੇ ਦੂਜੇ ਪਾਸੇ ਆਪ ਦੇ ਬਾਗੀ ਤੇਜ਼ ਤਰਾਰ ਆਗੂ ਗੁਰਦੀਪ ਸਿੰਘ ਬਾਠ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਟਰੱਕ ਯੂਨੀਅਨ ਦੇ ਵਿਵਾਦ ਵਿੱਚ ਐਂਟਰੀ ਨੇ ਸੱਤਾਧਾਰੀਆਂ ਨੂੰ ਬਚਾਅ ਦੀ ਸਥਿਤੀ ਵਿੱਚ ਰਹਿਣ ਲਈ ਮਜਬੂਰ ਕੀਤਾ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਟਰੱਕ ਆਪਰੇਟਰਾਂ ਨੇ ਭਾਵੇਂ ਚਰਨਜੀਤ ਸਿੰਘ ਖਟੜਾ ਨੂੰ ਪ੍ਰਧਾਨ ਬਣਾਉਣ ‘ਤੇ ਖੁਸ਼ੀ ਤਾਂ ਜ਼ਾਹਿਰ ਕੀਤੀ ਪ੍ਰੰਤੂ ਆਪਰੇਟਰਾਂ ਨੇ ਇਹ ਮੰਗ ਵੀ ਕੀਤੀ ਕਿ ਪ੍ਰਧਾਨ ਸਿੱਧੂ ਦੇ ਕਾਰਜਕਾਲ ਵੇਲੇ ਹੋਈਆਂ ਘਪਲੇਬਾਜ਼ੀਆਂ ਦੀ ਨਿਰਪੱਖ ਜਾਂਚ ਵੀ ਹੋਣੀ ਚਾਹੀਦੀ ਹੈ। ਇੱਕ ਟਰੱਕ ਆਪਰੇਟਰ ਨੇ ਇਹ ਟਿੱਪਣੀ ਵੀ ਕੀਤੀ ਕਿ ਪ੍ਰਧਾਨ ਸਿੱਧੂ ਦੇ ਕਾਰਜਕਾਲ ਦੀਆਂ ਘਪਲੇਬਾਜ਼ੀਆਂ ਦੀ ਜਾਂਚ ਨਹੀਂ ਹੋਵੇਗੀ ਸਗੋਂ ਉਹ ਸਾਰੇ ਘਪਲੇ ਹੁਣ ਠੰਡੇ ਬਸਤੇ ਵਿੱਚ ਪਾ ਦਿੱਤੇ ਜਾਣਗੇ ਕਿਉਂਕਿ ਉਹਨਾਂ ਘਪਲਿਆਂ ਦੇ ਪਿੱਛੇ ਆਪ ਦੇ ਵੱਡੇ ਚਿਹਰੇ ਹਨ।
ਦੂਜੇ ਪਾਸੇ ਬਰਨਾਲਾ ਦੀ ਰਾਜਨੀਤੀ ਵਿੱਚ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਐਮਪੀ ਮੀਤ ਹੇਅਰ ਨੇ ਯੂਨੀਅਨ ਦੇ ਪ੍ਰਧਾਨ ਨੂੰ ਬਦਲਣ ਦਾ ਕਦਮ ਚੁੱਕਣ ਵਿੱਚ ਦੇਰੀ ਕਿਉਂ ਕੀਤੀ। ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਟਰੱਕ ਯੂਨੀਅਨ ਦੀ ਕੰਡੇ ਵਾਲੀ ਜਗ੍ਹਾ ਨੂੰ ਲੀਜ਼ ‘ਤੇ ਦੇਣ ਤੋਂ ਬਿਨਾਂ ਵੀ ਪ੍ਰਧਾਨ ਸਿੱਧੂ ਦੇ ਕਾਰਜਕਾਲ ਵੇਲੇ ਕਰੋੜਾਂ ਰੁਪਏ ਦੇ ਘਪਲੇ ਹੋਏ ਹਨ ਜਿੰਨਾਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਹੁਣ ਵੇਖਣਾ ਹੋਵੇਗਾ ਕਿ ਮੈਂਬਰ ਪਾਰਲੀਮੈਂਟ ਮੀਤ ਹੇਅਰ ਇਹਨਾਂ ਘਪਲੇਬਾਜ਼ੀਆਂ ਦੀ ਨਿਰਪੱਖ ਜਾਂਚ ਕਰਵਾਉਣਗੇ ਜਾਂ ਫਿਰ ਸਿਰਫ਼ ਪ੍ਰਧਾਨ ਬਦਲ ਕੇ ਮਾਮਲਾ ਠੱਪ ਕਰ ਦਿੱਤਾ ਜਾਵੇਗਾ। ਬਹਰਹਾਲ ! ਟਰੱਕ ਯੂਨੀਅਨ ਵਿੱਚ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਪੁਰਾਣੇ ਪ੍ਰਧਾਨ ਹਰਦੀਪ ਸਿੰਘ ਸਿੱਧੂ “ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ…” ਵਾਂਗ ਨਾ ਚਾਹੁੰਦੇ ਹੋਏ ਵੀ ਪ੍ਰਧਾਨਗੀ ਤੋਂ ਪਾਸੇ ਕਰ ਦਿੱਤੇ ਗਏ ਹਨ।