ਚੰਡੀਗੜ੍ਹ, 23 ਅਗਸਤ, Gee98 news service-
ਸ਼ੁੱਕਰਵਾਰ ਦੇਰ ਰਾਤ ਇੱਕ ਐਲਪੀਜੀ ਗੈਸ ਨਾਲ ਭਰੇ ਟੈਂਕਰ ਵਿੱਚ ਹੋਏ ਧਮਾਕੇ ਨੇ ਸਮੁੱਚੇ ਪੰਜਾਬ ਨੂੰ ਦਹਿਲਾ ਦਿੱਤਾ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਕਰੀਬ ਸਾਢੇ ਕੁ 10 ਵਜੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੰਡਿਆਲਾ ਨੇੜੇ ਵਾਪਰਿਆ ਜਦੋਂ ਗੈਸ ਟੈਂਕਰ,ਮਿੰਨੀ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਤੇ ਉਸ ਨੂੰ ਅੱਗ ਲੱਗ ਗਈ। ਅੱਗ ਐਨੀ ਜਬਰਦਸਤ ਲੱਗੀ ਕਿ ਉਸਨੇ ਮਿੰਟਾਂ ਸਕਿੰਟਾਂ ਵਿੱਚ ਹੀ ਆਲੇ ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਅੱਗ ਦੀਆਂ ਲਪਟਾਂ ਵਿੱਚ ਨੇੜੇ ਦੀਆਂ 15 ਤੋਂ ਵੱਧ ਦੁਕਾਨਾਂ ਅਤੇ ਛੇ ਤੋਂ ਵੱਧ ਘਰ ਆਏ, ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ ਅਤੇ 30 ਤੋਂ ਵਧੇਰੇ ਲੋਕ ਅੱਗ ਨਾਲ ਸੜ ਕੇ ਜ਼ਖ਼ਮੀ ਹੋ ਗਏ ਹਨ। ਅੱਗ ਬੁਝਾਉਣ ਲਈ ਹੁਸ਼ਿਆਰਪੁਰ, ਦਸੂਹਾ ਅਤੇ ਤਲਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਜੋਂ ਹੁਸ਼ਿਆਰਪੁਰ-ਜਲੰਧਰ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰ ਦਿੱਤਾ ਗਿਆ। ਹਾਈਵੇਅ ‘ਤੇ ਲੱਗਭੱਗ ਇੱਕ ਕਿਲੋਮੀਟਰ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਲੋਕਾਂ ਨੂੰ ਉੱਥੋਂ ਹਟਾ ਦਿੱਤਾ ਗਿਆ। ਪੂਰੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਗੱਡੀਆਂ ਨੇ ਲੋਕਾਂ ਦੀ ਮਦਦ ਨਾਲ ਦੇਰ ਰਾਤ 1 ਵਜੇ ਤੱਕ ਅੱਗ ‘ਤੇ ਕਾਬੂ ਪਾਇਆ। ਇਸ ਭਿਆਨਕ ਹਾਦਸੇ ਤੋਂ ਬਾਅਦ ਇੱਕ ਵੱਡੀ ਖੁਸ਼ਕਿਸਮਤੀ ਇਹ ਰਹੀ ਕਿ ਧਮਾਕਾ ਹੋਣ ਵਾਲੀ ਜਗ੍ਹਾ ਤੋਂ ਸਿਰਫ਼ 500 ਮੀਟਰ ਦੂਰ ਇੱਕ ਗੈਸ ਪਲਾਂਟ ਹੈ, ਜਿੱਥੋਂ ਤੱਕ ਅੱਗ ਦੀਆਂ ਲਪਟਾਂ ਨਹੀਂ ਪਹੁੰਚੀਆਂ।
ਫੋਟੋ ਕੈਪਸ਼ਨ- ਹਾਦਸੇ ਮੌਕੇ ਦੀ ਇੱਕ ਤਸਵੀਰ