ਬਰਨਾਲਾ,19 ਨਵੰਬਰ ( ਨਿਰਮਲ ਸਿੰਘ ਪੰਡੋਰੀ)- ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੀ ਚੋਣ ਦਾ ਮਾਮਲਾ ਹਾਈਕੋਰਟ ਪੁੱਜਣ ਤੋਂ ਬਾਅਦ ਭਾਵੇਂ ਸਭ ਦੀਆਂ ਨਜ਼ਰਾਂ ਹਾਈਕੋਰਟ ਵੱਲ ਟਿਕੀਆਂ ਹੋਈਆਂ ਹਨ ਪ੍ਰੰਤੂ ਬੀਤੇ ਕੱਲ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ ਸਾਬਕਾ ਐਮਸੀ ਮਹੇਸ਼ ਕੁਮਾਰ ਲੋਟਾ ‘ਤੇ ਹੋਈ ਪੁਲਿਸ ਦੀ ਕਾਰਵਾਈ ਨੂੰ ਨਗਰ ਕੌਸਲ ਦੀ ਸੱਤਾ ਤਬਦੀਲੀ ਦੇ ਡਰਾਮੇ ਨਾਲ ਹੀ ਜੋੜਿਆ ਜਾ ਰਿਹਾ ਹੈ। ਸਥਾਨਕ ਕਾਂਗਰਸੀ ਆਗੂ ਸੱਤਾਧਾਰੀ ਆਗੂਆਂ ‘ਤੇ ਸਿੱਧੇ ਤੌਰ ‘ਤੇ ਇਹ ਦੋਸ਼ ਲਗਾ ਰਹੇ ਹਨ ਕਿ ਮਹੇਸ਼ ਲੋਟਾ ‘ਤੇ ਦਰਜ ਹੋਇਆ ਮੁਕੱਦਮਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿੱਚ ਲੋਟਾ ਵੱਲੋਂ ਨਿਭਾਈ ਭੂਮਿਕਾ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦਾ ਨਤੀਜਾ ਹੀ ਹੈ। ਕੈਬਨਿਟ ਮੰਤਰੀ ਮੀਤ ਹੇਅਰ ਦੇ ਅਗਲ-ਬਗਲ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਭਾਵੇਂ ਕਾਂਗਰਸ ਦੇ ਦੋਸ਼ਾਂ ਨੂੰ ਨਕਾਰ ਰਹੇ ਹਨ ਪ੍ਰੰਤੂ ਸ਼ਹਿਰ ਵਿੱਚ ਚੰਗਾ ਅਸਰ ਰਸੂਖ਼ ਰੱਖਣ ਵਾਲੇ ਇੱਕ ਸਿਆਸੀ ਵਿਅਕਤੀ ‘ਤੇ ਰਾਤੋ ਰਾਤ ਐਫਆਈਆਰ ਦਰਜ ਹੋ ਜਾਣੀ ਤੇ ਦਿਨ ਚੜ੍ਹਦੇ ਨੂੰ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲੈਣ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਪੁਲਿਸ ਦੀ ਇਹ ਫੁਰਤੀ ਸੱਤਾ ਦੇ ਦਬਾਅ ਤਹਿਤ ਹੀ ਹੈ, ਜਦ ਕਿ ਦੂਜੇ ਪਾਸੇ ਜ਼ਿਲ੍ਹਾ ਪੁਲਿਸ ਹੈਂਡਕੁਆਰਟਰ ਅਤੇ ਬਰਨਾਲੇ ਦੇ ਵੱਖ-ਵੱਖ ਥਾਣਿਆਂ ਵਿੱਚ ਅਨੇਕਾਂ ਅਜਿਹੀਆਂ ਦਰਖਾਸਤਾਂ ਹਨ ਜੋ ਕਈ ਮਹੀਨਿਆਂ ਤੋਂ ਕਾਰਵਾਈ ਦੀ ਉਡੀਕ ਵਿੱਚ ਹਨ ਅਤੇ ਜਾਂਚ ਪੜ੍ਹਤਾਲ ਦੀ ਘੁੰਮਣਘੇਰੀ ਵਿੱਚ ਫਸੀਆਂ ਹੋਈਆਂ ਹਨ। ਦੂਜੇ ਪਾਸੇ ਸਿਆਸੀ ਹਲਕਿਆਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਨਗਰ ਕੌਸਲ ਦੀ ਪ੍ਰਧਾਨਗੀ ਦੇ ਮਾਮਲੇ ਵਿੱਚ ਕਾਂਗਰਸ ਪਾਰਟੀ ਨੇ ਜਿਹੜੇ ਹਾਲਾਤ ਸੱਤਾਧਾਰੀਆਂ ਲਈ ਪੈਦਾ ਕੀਤੇ ਹਨ ਉਹਨਾਂ ਪਿੱਛੇ ਮਹੇਸ਼ ਲੋਟਾ ਦੀਆਂ ਤਿਕੜਮਬਾਜ਼ੀਆਂ ਹੀ ਕੰਮ ਕਰ ਰਹੀਆਂ ਹਨ। ਮਹੇਸ਼ ਲੋਟਾ ਲੰਬੇ ਸਮੇਂ ਤੋਂ ਨਗਰ ਕੌਂਸਲ ਨਾਲ ਜੁੜਿਆ ਹੋਇਆ ਹੈ ਜਿਸ ਕਰਕੇ ਨਗਰ ਕੌਂਸਲ ਦੇ ਕੁਝ ਮੁਲਾਜ਼ਮਾਂ ਨਾਲ ਉਸ ਦੇ ਨਿੱਜੀ ਸਬੰਧ ਬਣੇ ਹੋਏ ਹਨ। ਚਰਚਾ ਇਹ ਵੀ ਹੈ ਕਿ ਮੌਜੂਦਾ ਪ੍ਰਧਾਨ ਗੁਰਜੀਤ ਸਿੰਘ ਨੂੰ ਅਹੁਦੇ ਤੋਂ ਲਾਹੁਣ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਸਬੰਧੀ ਨੋਟਿਸ ਜਾਰੀ ਕਰਨ ਦੇ ਮਾਮਲੇ ਵਿੱਚ 24 ਘੰਟਿਆਂ ਵਾਲੀ ਸ਼ਰਤ ਦੇ ਨਿਯਮਾਂ ਦੀ ਅਣਦੇਖੀ ਦਾ ਪੁਆਇੰਟ ਵੀ ਮਹੇਸ਼ ਲੋਟਾ ਰਾਹੀ ਹੀ ਬਾਹਰ ਨਿਕਲਿਆ ਸੀ, ਜਿਸ ਨੂੰ ਆਧਾਰ ਬਣਾ ਕੇ ਪ੍ਰਧਾਨ ਗੁਰਜੀਤ ਸਿੰਘ ਨੇ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕੀਤੀ ਅਤੇ ਇਸੇ ਪੁਆਇੰਟ ਨੇ ਸੱਤਾਧਾਰੀਆਂ ਦੇ ਪ੍ਰਧਾਨਗੀ ਦੇ ਚਾਅ ਫਿੱਕੇ ਪਾ ਦਿੱਤੇ। ਉੰਝ ਭਾਵੇਂ ਨਗਰ ਕੌਸਲ ਦੀ ਪ੍ਰਧਾਨਗੀ ਦੇ ਮਾਮਲੇ ‘ਚ ਪੈਦਾ ਹੋਏ ਹਾਲਾਤਾਂ ਤੋਂ ਬਾਅਦ ਸਥਾਨਕ ਸੱਤਾਧਾਰੀ ਆਗੂ ਆਪਣੇ ਮਨ ਦੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਰਹੇ ਪਰ ਅੰਦਰੋਂ ਅੰਦਰੀ ਸਥਾਨਕ ਸੱਤਾਧਾਰੀ ਆਗੂ ਕਾਫ਼ੀ ਜ਼ਿਆਦਾ ਔਖੇ ਹਨ ਜਿਨਾਂ ਨੇ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਨੂੰ ਮੁੱਛ ਦਾ ਸਵਾਲ ਬਣਾਇਆ ਹੋਇਆ ਹੈ ਜੋ ਕਿਸੇ ਹਾਲਤ ਵੀ ਨਗਰ ਕੌਂਸਲ ਦੀ ਸਰਦਾਰੀ ‘ਤੇ ਕਾਬਜ਼ ਹੋਣਾ ਚਾਹੁੰਦੇ ਹਨ। ਸ਼ਾਇਦ ! ਇਸੇ ਕਰਕੇ ਹੀ ਮਹੇਸ਼ ਲੋਟਾ ‘ਤੇ ਦਰਜ ਹੋਏ ਮੁਕੱਦਮੇ ਨੂੰ ਨਗਰ ਕੌਂਸਲ ਦੀ ਪ੍ਰਧਾਨਗੀ ਸੰਬੰਧੀ ਪੈਦਾ ਹੋਏ ਹਾਲਾਤਾਂ ਦੇ ਸੰਦਰਭ ਵਿੱਚ ਵੇਖਿਆ ਜਾ ਰਿਹਾ ਹੈ।