ਬਰਨਾਲਾ,18 ਨਵੰਬਰ (ਨਿਰਮਲ ਸਿੰਘ ਪੰਡੋਰੀ)-ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀਆਂ ਵਿਦਿਆਰਥਣਾਂ ਹਵਾਈ ਜਹਾਜ਼ ਦੇ ਝੂਟੇ ਲੈਣਗੀਆਂ। ਦਰਅਸਲ,ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਛਾਪਾ ਅਤੇ ਸਟਾਫ਼ ਨੇ ਸਕੂਲ ਦੀ ਕੁੜੀਆਂ ਦੀ ਖੋ-ਖੋ ਟੀਮ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਸਕੂਲੀ ਖੇਡਾਂ ਵਿੱਚ ਸੂਬਾ ਪੱਧਰ ‘ਤੇ ਕੋਈ ਪੁਜੀਸ਼ਨ ਪ੍ਰਾਪਤ ਕਰਨਗੀਆਂ ਤਾਂ ਉਹਨਾਂ ਨੂੰ ਹਵਾਈ ਜਹਾਜ਼ ਦੀ ਯਾਤਰਾ ਕਰਵਾਈ ਜਾਵੇਗੀ। ਜਿਸ ਤੋਂ ਬਾਅਦ ਸਕੂਲ ਦੀ ਕੁੜੀਆਂ ਦੀ ਖੋ-ਖੋ ਟੀਮ ਨੇ ਮਿਹਨਤ ਕਰਦੇ ਹੋਏ ਬਰਨਾਲਾ ਜ਼ਿਲ੍ਹੇ ਵੱਲੋਂ ਪਟਿਆਲਾ ਵਿਖੇ ਸਟੇਟ ਪੱਧਰ ‘ਤੇ ਨੁਮਾਇੰਦਗੀ ਕਰਦੇ ਹੋਏ ਤੀਰ ਨਿਸ਼ਾਨੇ ‘ਤੇ ਲਾ ਕੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਖੋ ਖੋ ਦੀ ਇਸ ਟੀਮ ਵਿੱਚ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀਆਂ ਅੱਠ ਵਿਦਿਆਰਥਣਾਂ ਸਨ ਅਤੇ ਬਾਕੀ ਖੁੱਡੀ ਕਲਾਂ ਤੇ ਚੀਮਾ ਜੋਧਪੁਰ ਸਕੂਲ ਦੀਆਂ ਸਨ। ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਕਮਲ ਛਾਪਾ ਨੇ ਕਿਹਾ ਕਿ ਸਟਾਫ਼ ਵੱਲੋਂ ਖੋ-ਖੋ ਦੀ ਕੁੜੀਆਂ ਦੀ ਟੀਮ ਨਾਲ ਕੀਤੇ ਵਾਅਦੇ ਮੁਤਾਬਕ ਹਵਾਈ ਜਹਾਜ਼ ਦੀ ਯਾਤਰਾ ਕਰਵਾਈ ਜਾਵੇਗੀ। ਮੁੱਖ ਅਧਿਆਪਕ ਕੁਲਦੀਪ ਸਿੰਘ ਨੇ ਆਪਣੇ ਸਟਾਫ਼ ਮੈਂਬਰਾਂ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਦਰਅਸਲ ਗੱਲ ਵਾਅਦੇ ਦੀ ਨਹੀਂ ਇਹ ਸਟਾਫ਼ ਵੱਲੋਂ ਸਕੂਲ ਦੇ ਖਿਡਾਰੀਆਂ ਵਿੱਚ ਜਜ਼ਬਾ ਪੈਦਾ ਕਰਨ ਦਾ ਇੱਕ ਯਤਨ ਸੀ ਜਿਸ ਵਿੱਚ ਸਟਾਫ਼ ਬੱਚਿਆਂ ਦੀ ਮਿਹਨਤ ਸਦਕਾ ਕਾਮਯਾਬ ਰਿਹਾ ਅਤੇ ਸਕੂਲ ਦੀ ਟੀਮ ਨੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਸੂਬਾ ਪੱਧਰ ‘ਤੇ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ। ਮੁੱਖ ਅਧਿਆਪਕ ਨੇ ਇਹਨਾਂ ਖਿਡਾਰਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਜਿਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਸਮਾਂ ਦੇਣ ਦੀ ਇਜਾਜ਼ਤ ਦਿੱਤੀ। ਸਕੂਲ ਦੀ ਇਸ ਪ੍ਰਾਪਤੀ ਬਾਰੇ ਮੁੱਖ ਅਧਿਆਪਕ ਨੇ ਇਹ ਵੀ ਕਿਹਾ ਕਿ ਇਸ ਪਿੱਛੇ ਸਕੂਲ ਦੇ ਡੀਪੀਈ ਬਾਬੂ ਸਿੰਘ ਦੀ ਮਿਹਨਤ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ।