ਚੰਡੀਗੜ੍ਹ,16 ਦਸੰਬਰ, Gee98 news service
-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਤੀ ਵਰਤੀ ਮੰਦੀ ਸ਼ਬਦਾਵਲੀ ਦਾ ਮਾਮਲਾ ਨਿਬੜਦਾ ਨਜ਼ਰ ਨਹੀਂ ਆ ਰਿਹਾ, ਹਾਲਾਂਕਿ ਇਸ ਮਾਮਲੇ ਵਿੱਚ ਪ੍ਰਧਾਨ ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਬੀਬੀ ਜਗੀਰ ਕੌਰ ਤੋਂ ਵੀ ਨਿੱਜੀ ਤੌਰ ‘ਤੇ ਵੀ ਮਾਫੀ ਮੰਗੀ ਹੈ ਪ੍ਰੰਤੂ ਧਾਮੀ ਵੱਲੋਂ ਵਰਤੀ ਗਈ ਅਸ਼ਲੀਲ ਸ਼ਬਦਾਵਲੀ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਦੇ ਮੁਖੀ ਦੇ ਮੇਚ ਦੀ ਨਾ ਹੋਣ ਕਰਕੇ ਧਾਮੀ ਦੀ ਪ੍ਰਧਾਨਗੀ ਖ਼ਤਰੇ ਵਿੱਚ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਛੱਡਣੀ ਪੈ ਸਕਦੀ ਹੈ। ਇਸ ਮੁੱਦੇ ‘ਤੇ ਧਾਮੀ ਦਾ ਖਹਿੜਾ ਤਾਂ ਹੀ ਛੁੱਟ ਸਕਦਾ ਹੈ ਜੇਕਰ ਬੀਬੀ ਜਗੀਰ ਕੌਰ ਧਾਮੀ ਨੂੰ ਮਾਫ ਕਰਨ ਦਾ ਐਲਾਨ ਕਰਨ ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਤੇ ਆਗੂਆਂ ਵੱਲੋਂ ਇਹ ਮਾਮਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕੋਲ ਵੀ ਉਠਾਇਆ ਗਿਆ ਹੈ ਇਸ ਲਈ ਇਹ ਮੁੱਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲਈ ਵੀ ਪ੍ਰੀਖਿਆ ਦੀ ਘੜੀ ਵਾਂਗ ਹੀ ਬਣਦਾ ਜਾ ਰਿਹਾ ਹੈ। ਇਸ ਵੇਲੇ ਜਥੇਦਾਰ ਸਾਹਿਬ ਸਾਹਮਣੇ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਔਰਤ ਜ਼ਾਤ ਪ੍ਰਤੀ ਸ਼ਰੇਆਮ ਮੰਦੀ ਸ਼ਬਦਾਵਲੀ ਵਰਤਣ ਵਾਲਾ ਵਿਅਕਤੀ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਦੇ ਚੋਟੀ ਦੇ ਅਹੁਦੇ ‘ਤੇ ਬਿਰਾਜਮਾਨ ਰਹਿ ਸਕਦਾ ਹੈ ਜਾਂ ਨਹੀਂ। ਦੱਸ ਦੇਈਏ ਕਿ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਵੱਲੋਂ ਗਠਿਤ ਕੀਤੀ ਉਸ ਕਮੇਟੀ ਦਾ ਮੈਂਬਰ ਵੀ ਹੈ ਜਿਸ ਨੂੰ ਅਕਾਲੀ ਦਲ ਦੇ ਪੁਨਰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤਰ੍ਹਾਂ ਇਹ ਦੋਵੇਂ ਅਹੁਦੇ ਹੀ ਧਾਮੀ ਲਈ ਸਿਰਦਰਦੀ ਬਣ ਸਕਦੇ ਹਨ। ਜੇਕਰ ਉਹਨੂੰ ਅਕਾਲੀ ਦਲ ਦੀ ਪੁਨਰਗਠਨ ਦੀ ਕਮੇਟੀ ਵਿੱਚੋਂ ਹਟਾਇਆ ਜਾਂਦਾ ਹੈ ਤਾਂ ਯਕੀਨਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਵੀ ਛੱਡਣੀ ਪਵੇਗੀ ਅਤੇ ਜੇਕਰ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਹਿਆ ਜਾਂਦਾ ਹੈ ਤਾਂ ਅਕਾਲੀ ਦਲ ਦੀ ਪੁਨਰਗਠਨ ਕਮੇਟੀ ਵੀ ਛੱਡਣੀ ਪਵੇਗੀ। ਭਾਵੇਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਰੇ ਅਕਾਲੀ ਆਗੂਆਂ ਨੂੰ ਇਹ ਆਦੇਸ਼ ਦਿੱਤਾ ਗਿਆ ਹੈ ਕਿ ਹੁਣ ਤੱਕ ਅਸਤੀਫਾ ਦੇ ਚੁੱਕੇ ਸਾਰੇ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਕਰਕੇ ਨਵੇਂ ਸਿਰੇ ਤੋਂ ਮੈਂਬਰਸ਼ਿਪ ਭਰਤੀ ਕੀਤੀ ਜਾਵੇ ਪਰੰਤੂ ਧਾਮੀ ਵੱਲੋਂ ਬੀਬੀ ਜਗੀਰ ਕੌਰ ਨੂੰ ਬੋਲੇ ਬੋਲ-ਕਬੋਲਾਂ ਦੇ ਕਾਰਨ ਅਕਾਲੀ ਦਲ ਸੁਧਾਰ ਲਹਿਰ (ਭੰਗ ਹੋ ਚੁੱਕੀ) ਦੇ ਆਗੂ ਸ਼ਾਇਦ ਹੀ ਧਾਮੀ ਦੀ ਅਗਵਾਈ ਹੇਠ ਅੱਗੇ ਵਧਣ ਲਈ ਤਿਆਰ ਹੋਣ, ਇਸ ਲਈ ਧਾਮੀ ਨੂੰ ਬਦਲਿਆ ਜਾਣਾ ਯਕੀਨੀ ਹੈ। ਸੂਤਰਾਂ ਅਨੁਸਾਰ ਜਲਦੀ ਹੀ ਹਰਜਿੰਦਰ ਸਿੰਘ ਧਾਮੀ ਦੀ ਜਗ੍ਹਾ ‘ਤੇ ਰਘੂਜੀਤ ਸਿੰਘ ਵਿਰਕ ਨੂੰ ਸ਼੍ਰੋਮਣੀ ਕਮੇਟੀ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ।