ਬਰਨਾਲਾ,21. ਜੁਲਾਈ (ਨਿਰਮਲ ਸਿੰਘ ਪੰਡੋਰੀ)-
ਪੰਜਾਬ ਸਰਕਾਰ ਨੇ ਸੂਬੇ ਦੇ 25 ਸਰਕਾਰੀ ਸਕੂਲਾਂ ਦੇ ਨਾਮ ਬਦਲ ਦਿੱਤੇ ਹਨ। ਇਨਾਂ ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ‘ਤੇ ਰੱਖੇ ਗਏ ਹਨ। ਦਫ਼ਤਰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਹਨਾਂ 25 ਸਕੂਲਾਂ ਦੀ ਸੂਚੀ ਵਿੱਚ ਬਰਨਾਲਾ ਜ਼ਿਲ੍ਹੇ ਦੇ ਵੀ ਤਿੰਨ ਸਰਕਾਰੀ ਸਕੂਲਾਂ ਦੇ ਨਾਮ ਬਦਲੇ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ ਸਰਕਾਰੀ ਮਿਡਲ ਸਕੂਲ ਧੌਲਾ ਦਾ ਹੁਣ ਨਵਾਂ ਨਾਮ ਸੁਤੰਤਰਤਾ ਸੰਗਰਾਮੀ ਸੰਪੂਰਨ ਸਿੰਘ ਸਰਕਾਰੀ ਮਿਡਲ ਸਕੂਲ ਧੌਲਾ ਹੋਵੇਗਾ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੁਤਬਾ ਦਾ ਨਾਮ ਬਦਲ ਕੇ ਸ਼ਹੀਦ ਸਿਪਾਹੀ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਕੁਤਬਾ ਰੱਖਿਆ ਗਿਆ ਹੈ। ਪਿੰਡ ਹਰੀਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸੁਤੰਤਰਤਾ ਸੰਗਰਾਮੀ ਅਜੈਬ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ ਰੱਖਿਆ ਗਿਆ ਹੈ। ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਸਤਿਕਾਰ ਵਜੋਂ ਸਥਾਨਕ ਵਾਸੀਆਂ ਦੀ ਮੰਗ ਦੇ ਅਨੁਸਾਰ ਇਹ ਸਰਕਾਰੀ ਸੰਸਥਾਵਾਂ ਦੇ ਨਾਮ ਰੱਖੇ ਗਏ ਹਨ।