ਮਹਿਲ ਕਲਾਂ 22 ਜੁਲਾਈ,( ਜਸਵੰਤ ਸਿੰਘ ਲਾਲੀ)-
ਅੱਜ ਸਵੇਰੇ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਮਹਿਲ ਕਲਾਂ ਤੋਂ ਪਿੰਡ ਸਹਿਜੜਾ ਵੱਲ ਡਰੇਨ ਦੇ ਨੇੜੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਤੇ ਇੱਕ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ l ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਕਾਲੂ 28 ਸਾਲ ਪੁੱਤਰ ਜਰਨੈਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ 30 ਸਾਲ ਵਾਸੀ ਸਹੌਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਰਾਏਕੋਟ ਕਿਸੇ ਫੈਕਟਰੀ ਵਿੱਚ ਕੰਮ ਕਰਨ ਲਈ ਜਾ ਰਹੇ ਸਨ ਜਦੋਂ ਉਹ ਡਰੇਨ ਦੇ ਨਜ਼ਦੀਕ ਪੁੱਜੇ ਤਾਂ ਉਹਨਾਂ ਦਾ ਮੋਟਰਸਾਈਕਲ ਸੜਕ ‘ਤੇ ਖੜੇ ਇੱਕ ਟਰਾਲੇ ਨਾਲ ਜਾ ਟਕਰਾਇਆ। ਇਸ ਟੱਕਰ ਵਿੱਚ ਦਵਿੰਦਰ ਸਿੰਘ ਕਾਲੂ 28 ਸਾਲ ਪੁੱਤਰ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ,ਜਿਸ ਨੂੰ 112 ਸੜਕ ਸੁਰੱਖਿਆ ਫੋਰਸ ਮਹਿਲ ਕਲਾਂ ਦੇ ਇੰਚਾਰਜ਼ ਜਗਮੋਹਨ ਸਿੰਘ ਨੇ ਆਪਣੀ ਟੀਮ ਸਮੇਤ ਪਹੁੰਚ ਕੇ ਅਤੇ 108 ਐਂਬੂਲੈਂਸ ਦੇ ਡਰਾਈਵਰ ਤਰਸੇਮ ਸਿੰਘ ਮਹਿਲ ਖੁਰਦ ਅਤੇ ਈਐਮਟੀ ਅਰਸਨੂਰ ਸਿੰਘ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ। ਥਾਣਾ ਮਹਿਲ ਕਲਾਂ ਦੇ ਏਐਸਆਈ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਅਤੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ- ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਦੀ ਫਾਈਲ ਫੋਟੋ