ਬਰਨਾਲਾ,17 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਮੌਜੂਦਾ ਸਰਪੰਚ ਦੇ ਕਤਲ ਕਾਰਨ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਉਥੇ ਇਸ ਮਾਮਲੇ ਵਿੱਚ ਉੱਚ ਪੁਲਿਸ ਅਧਿਕਾਰੀਆਂ ਦੇ ਬਿਆਨ ਜ਼ਿਲ੍ਹੇ ‘ਚ ਨਸ਼ਾ ਤਸਕਰੀ ਦੇ ਗੋਰਖ ਧੰਦੇ ‘ਤੇ ਪਰਦਾ ਪਾਉਣ ਵਾਲੇ ਜਾਪਦੇ ਹਨ। ਦੱਸ ਦੇਈਏ ਕਿ 15 ਦਸੰਬਰ ਨੂੰ ਦੇਰ ਸ਼ਾਮ ਛੰਨਾ ਗੁਲਾਬ ਸਿੰਘ ਦੇ ਸਰਪੰਚ ਸੁਖਜੀਤ ਸਿੰਘ ਦੇ ਘਰ ‘ਤੇ 30-40 ਬੰਦਿਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਸਰਪੰਚ ਦੀ ਮੌਤ ਹੋ ਗਈ ਸੀ ਅਤੇ ਉਸਦੇ ਹੋਰ ਪਰਿਵਾਰਿਕ ਮੈਂਬਰ ਜ਼ਖ਼ਮੀ ਹੋ ਗਏ ਸਨ। ਹਮਲੇ ਵਿੱਚ ਜ਼ਖ਼ਮੀ ਹੋਏ ਸਰਪੰਚ ਦੇ ਪਿਤਾ ਤੇ ਚਚੇਰੇ ਭਰਾ ਅਤੇ ਪਿੰਡ ਦੇ ਲੋਕ ਸ਼ਰੇਆਮ ਆਖ ਰਹੇ ਹਨ ਕਿ ਹਮਲਾਵਰਾਂ ਨੂੰ ਸਰਪੰਚ ਪਿੰਡ ਵਿੱਚ ਨਸ਼ਾ ਵੇਚਣ ਤੋਂ ਰੋਕ ਰਿਹਾ ਸੀ ਜਿਸ ਦੀ ਰੰਜਿਸ਼ ਵਜੋਂ ਹੀ ਹਮਲਾਵਰਾਂ ਨੇ ਹਮਲਾ ਕੀਤਾ ਪ੍ਰੰਤੂ ਪੁਲਿਸ ਸਰਪੰਚ ‘ਤੇ ਕੀਤੇ ਹਮਲੇ ਨੂੰ ਨਸ਼ਾ ਤਸਕਰਾਂ ਵੱਲੋਂ ਕੀਤੇ ਹਮਲੇ ਦੇ ਪੱਖ ਤੋਂ ਵੇਖਣ ਤੋਂ ਇਨਕਾਰੀ ਲੱਗ ਰਹੀ ਹੈ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਨੂੰ ਪੰਚਾਇਤੀ ਚੋਣਾਂ ਦੀ ਰੰਜਿਸ਼ ਨਾਲ ਜੋੜਿਆ ਜਾ ਰਿਹਾ ਹੈ ਜਦਕਿ ਪਿੰਡ ਦੇ ਲੋਕ ਸ਼ਰੇਆਮ ਆਖ ਰਹੇ ਗਏ ਹਨ ਕਿ ਸਰਪੰਚ ਹਮਲਾਵਰਾਂ ਨੂੰ ਪਿੰਡ ‘ਚ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਦਾ ਨਤੀਜਾ ਇਹ ਵੱਡੀ ਘਟਨਾ ਵਾਪਰੀ ਹੈ। ਮ੍ਰਿਤਕ ਸਰਪੰਚ ਦੇ ਚਚੇਰੇ ਭਰਾ ਵੱਲੋਂ ਮੀਡੀਆ ਸਾਹਮਣੇ ਕੀਤਾ ਇਹ ਖੁਲਾਸਾ ਸਾਰੀ ਕਹਾਣੀ ਨੂੰ ਹੂਬਹੂ ਬਿਆਨ ਕਰਦਾ ਹੈ ਕਿ ਹਮਲੇ ਤੋਂ ਕੁਝ ਸਮਾਂ ਪਹਿਲਾਂ ਹੀ ਪਿੰਡ ਦੀ ਫਿਰਨੀ ‘ਤੇ ਸਰਪੰਚ ਅਤੇ ਹਮਲਾਵਰਾਂ ਚੋਂ ਇੱਕ ਨਾਲ ਸਰਪੰਚ ਦੀ ਪਿੰਡ ‘ਚ ਨਸ਼ਾ ਵੇਚਣ ਸਬੰਧੀ ਬਹਿਸ ਹੋਈ ਸੀ ਜਿਸ ਤੋਂ ਬਾਅਦ ਹਮਲਾਵਰ ਧਿਰ ਦਾ ਉਕਤ ਨੌਜਵਾਨ ਆਪਣੇ ਨਾਲ 30-40 ਬੰਦੇ ਇਕੱਠੇ ਕਰਕੇ ਸਰਪੰਚ ਦੇ ਘਰ ਲੈ ਆਇਆ। ਘਟਨਾ ਤੋਂ ਬਾਅਦ ਪਿੰਡ ‘ਚ ਪੁੱਜੇ ਪੱਤਰਕਾਰਾਂ ਦੇ ਕੈਮਰਿਆਂ ਅੱਗੇ ਭਾਵੇਂ ਪਿੰਡ ਵਾਸੀ ਕੁਝ ਬੋਲਣ ਲਈ ਤਿਆਰ ਨਹੀਂ ਹੋਏ ਪ੍ਰੰਤੂ ਆਫ਼ ਦੀ ਰਿਕਾਰਡ ਪਿੰਡ ਵਾਸੀ ਇਹ ਸ਼ਰੇਆਮ ਆਖ ਰਹੇ ਹਨ ਕਿ ਹਮਲਾਵਰ ਪਿੰਡ ਵਿੱਚ ਨਸ਼ਾ ਤਸਕਰੀ ਕਰ ਰਹੇ ਹਨ। ਘਟਨਾ ਤੋਂ ਬਾਅਦ ਕਈ ਪੱਤਰਕਾਰਾਂ ਨੇ ਪਿੰਡ ਵਿੱਚ ਨਸ਼ਾ ਤਸਕਰੀ ਦਾ ਇਸ ਘਟਨਾ ਨਾਲ ਸਬੰਧ ਹੋਣ ਬਾਰੇ ਕਈ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤੇ ਪਰੰਤੂ ਪੁਲਿਸ ਅਧਿਕਾਰੀ ਇਸ ਹਮਲੇ ਨਾਲ ਨਸ਼ਾ ਤਸਕਰੀ ਦਾ ਸੰਬੰਧ ਜੋੜਨ ਤੋਂ ਬਚਦੇ ਰਹੇ। ਹੈਰਾਨੀ ਇਸ ਗੱਲ ਦੀ ਹੈ ਕਿ ਘਟਨਾ ਦੇ ਦੂਜੇ ਦਿਨ 16 ਦਸੰਬਰ ਨੂੰ ਇੱਕ ਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਨੇ ਜਲਦਬਾਜ਼ੀ ਵਿੱਚ ਇੱਕੋ ਪੱਤਰਕਾਰ ਨੂੰ ਬੁਲਾ ਕੇ ਪੁਲਿਸ ਦਾ ਪੱਖ ਦੇ ਦਿੱਤਾ ਅਤੇ ਇਸ ਨੂੰ ਲੋਕ ਸੰਪਰਕ ਵਿਭਾਗ ਰਾਹੀਂ ਵਾਇਰਲ ਵੀ ਕਰਵਾ ਦਿੱਤਾ। ਸਵਾਲ ਇਹ ਵੀ ਉੱਠਦੇ ਹਨ ਕਿ ਜਦ ਪਿੰਡ ਦੇ ਲੋਕ ਅਤੇ ਪੀੜਿਤ ਪਰਿਵਾਰ ਹਮਲਾਵਰਾਂ ਨੂੰ ਸ਼ਰੇਆਮ ਨਸ਼ਾ ਤਸਕਰ ਆਖ ਰਿਹਾ ਹੈ ਇਹ ਤਾਂ ਪੁਲਿਸ ਇਸ ਮਾਮਲੇ ਵਿੱਚ ਨਸ਼ਾ ਤਸਕਰੀ ਵਾਲੇ ਪੁਆਇੰਟ ‘ਤੇ ਜਵਾਬ ਦੇਣ ਤੋਂ ਕਿਉਂ ਬਚ ਰਹੀ ਹੈ। ਪੁਲਿਸ ਦੇ ਇਸ ਰਵੱਈਏ ਤੋਂ ਪਿੰਡ ਦੇ ਲੋਕਾਂ ਵਿੱਚ ਨਿਰਾਸ਼ਤਾ ਦਾ ਆਲਮ ਵੀ ਵੇਖਿਆ ਗਿਆ। ਦੱਸ ਦੇਈਏ ਕਿ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਅਧਿਕਾਰੀਆਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੂੰ ਨਸ਼ਾ ਤਸਕਰਾਂ ‘ਤੇ ਨਜ਼ਰ ਰੱਖਣ ਲਈ ਅਤੇ ਪੁਲਿਸ ਨੂੰ ਸੂਚਨਾ ਦੇਣ ਲਈ ਕਿਹਾ ਜਾਂਦਾ ਹੈ ਪ੍ਰੰਤੂ ਜੇਕਰ ਪਿੰਡ ਵਿੱਚ ਨਸ਼ਾ ਵੇਚਣ ਤੋਂ ਰੋਕਣ ਵਾਲੇ ਸਰਪੰਚਾਂ ਦਾ ਇਹੋ ਹਸ਼ਰ ਹੋਵੇਗਾ, ਜੋ ਛੰਨਾ ਗੁਲਾਬ ਸਿੰਘ ਦੇ ਸਰਪੰਚ ਦਾ ਹੋਇਆ, ਤਾਂ ਲੋਕ ਸਰਕਾਰ ਤੇ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਨਾਲ ਕਿਵੇਂ ਜੁੜਣਗੇ ਅਤੇ ਲੋਕਾਂ ਵਿੱਚ ਯਕੀਨਨ ਸਹਿਮ ਦਾ ਮਾਹੌਲ ਵੀ ਪੈਦਾ ਹੋਵੇਗਾ ਜਿਸ ਤੋਂ ਬਾਅਦ ਨਸ਼ਾ ਤਸਕਰਾਂ ਦੀ ਚੜ ਮੱਚੇਗੀ। ਬਰਨਾਲਾ ਪੁਲਿਸ ਨੇ ਪਿਛਲੇ ਕੁਝ ਸਮੇਂ ਤੋਂ ਭਾਵੇਂ ਚੋਟੀ ਦੇ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹਾਂ ‘ਚ ਬੰਦ ਕੀਤਾ ਪ੍ਰੰਤੂ ਪਿੰਡ ‘ਚ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲੇ ਇੱਕ ਸਰਪੰਚ ਦੇ ਨਸ਼ਾ ਤਸਕਰਾਂ ਵੱਲੋਂ ਕੀਤੇ ਕਤਲ ਦੀ ਕਹਾਣੀ ਇਹ ਸਪੱਸ਼ਟ ਕਰਦੀ ਹੈ ਕਿ ਕਿ ਪੁਲਿਸ ਬਰਨਾਲਾ ਖੇਤਰ ‘ਚ ਨਸ਼ਾ ਤਸਕਰਾਂ ਦੀਆਂ ਜੜਾਂ ਤੱਕ ਨਹੀਂ ਪੁੱਜੀ। ਦੂਜੇ ਪਾਸੇ ਸੱਤਾਧਾਰੀ ਪਾਰਟੀ ਨਾਲ ਜੁੜੇ ਇੱਕ ਸਰਪੰਚ ਦੇ ਕਤਲ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੇ ਸੱਤਾਧਾਰੀ ਆਗੂਆਂ ਵੱਲੋਂ ਵੀ ਕੋਈ ਅਜਿਹੀ ਪ੍ਰਤਿਕ੍ਰਿਆ ਸਾਹਮਣੇ ਨਹੀਂ ਆਈ ਜਿਸ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਕਾਰਵਾਈ ਦਾ ਸੰਕੇਤ ਮਿਲਦਾ ਹੋਵੇ। ਇਹ ਵੀ ਕੌੜਾ ਸੱਚ ਹੈ ਕਿ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਸੱਤਾਧਾਰੀ ਆਗੂਆਂ ਦੀਆਂ ਗੱਡੀਆਂ ਵਿੱਚ ਅਤੇ ਸਮਾਗਮਾਂ ਵਿੱਚ ਜ਼ਿਲ੍ਹੇ ਨਾਲ ਸੰਬੰਧਿਤ ਚੋਟੀ ਦੇ ਨਸ਼ਾ ਤਸਕਰਾਂ ਨੂੰ ਆਮ ਹੀ ਵੇਖਿਆ ਜਾ ਸਕਦਾ ਹੈ। ਸ਼ਾਇਦ ਇਸੇ ਕਰਕੇ ਹੀ ਸਰਪੰਚ ਦੇ ਕਤਲ ਦੀ ਵਾਰਦਾਤ ਵਿੱਚ ਨਸ਼ਾ ਤਸਕਰਾਂ ਦੀ ਸ਼ਮੂਲੀਅਤ ਸਬੰਧੀ ਪੁਲਿਸ ਕੁਝ ਕਹਿਣ ਤੋਂ ਬਚ ਰਹੀ ਹੈ।
ਫੋਟੋ ਕੈਪਸ਼ਨ-ਸਰਪੰਚ ਸੁਖਜੀਤ ਸਿੰਘ ਦੀ ਪੁਰਾਣੀ ਤਸਵੀਰ