ਬਰਨਾਲਾ, 22 ਜੁਲਾਈ (ਨਿਰਮਲ ਸਿੰਘ ਪੰਡੋਰੀ)-
–ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਮਨਾਲ ਵਿੱਚ ਭਾਂਡੇ ਵੇਚਣ ਆਈ ਇਕ ਔਰਤ ਵੱਲੋਂ ਘਰਾਂ ਵਿੱਚ ਇਕੱਲੀਆਂ ਔਰਤਾਂ ਨੂੰ ਬੇਹੋਸ਼ ਕਰਕੇ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਔਰਤ ਦੀ ਠੱਗੀ ਦਾ ਸ਼ਿਕਾਰ ਹੋਏ ਪੀੜ੍ਹਤ ਕੁਲਬੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਇੱਕ ਭਾਂਡੇ ਵੇਚਣ ਵਾਲੀ ਔਰਤ ਆਈ ਅਤੇ ਉਸਨੇ ਘਰ ਦੀਆਂ ਔਰਤਾਂ ਤੋਂ ਪੁਰਾਣੇ ਭਾਂਡੇ ਲੈ ਕੇ ਉਹਨਾਂ ਨੂੰ ਨਵੇਂ ਭਾਂਡੇ ਦੇ ਦਿੱਤੇ ਅਤੇ ਚਲੀ ਗਈ। ਉਹਨਾਂ ਦੱਸਿਆ ਕਿ ਕੁਝ ਦਿਨ ਬਾਅਦ ਉਹੀ ਔਰਤ ਦੁਬਾਰਾ ਫੇਰ ਆਈ ਅਤੇ ਉਸਨੇ ਘਰ ਵਿੱਚ ਇਕੱਲੀਆਂ ਔਰਤਾਂ ਨੂੰ ਕੋਈ ਨਸ਼ੀਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਸੋਨੇ ਦੀ ਮੁੰਦਰੀ, ਸੋਨੇ ਦੇ ਕਾਂਟੇ, 8 ਤੋਲੇ ਦੀ ਝਾਂਜਰ ਅਤੇ ਮੰਗਲਸੂਤਰ ਚੋਰੀ ਕਰਕੇ ਫਰਾਰ ਹੋ ਗਈ। ਉਹਨਾਂ ਦੱਸਿਆ ਕਿ ਇਸੇ ਔਰਤ ਨੇ ਦੂਜੇ ਘਰ ਵਿੱਚ ਵੀ ਇਕੱਲੀ ਔਰਤ ਨੂੰ ਬੇਹੋਸ਼ ਕਰਕੇ ਸੋਨੇ ਦੀਆਂ ਬਾਲੀਆਂ ਤੇ ਚਾਂਦੀ ਦੀਆਂ ਝਾਂਜਰਾਂ ਚੋਰੀ ਕੀਤੀਆਂ। ਉਹਨਾਂ ਦੱਸਿਆ ਕਿ ਉਕਤ ਔਰਤ ਨੇ ਦੋਨੇ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਜਿਸ ਵੇਲੇ ਅੰਜਾਮ ਦਿੱਤਾ ਉਸ ਵੇਲੇ ਘਰ ਦੇ ਮਰਦ ਮੈਂਬਰ ਮਜ਼ਦੂਰੀ ਲਈ ਬਾਹਰ ਗਏ ਸਨ ਅਤੇ ਔਰਤਾਂ ਹੀ ਘਰ ਵਿੱਚ ਇਕੱਲੀਆਂ ਸਨ। ਇਸ ਮਾਮਲੇ ਸਬੰਧੀ ਥਾਣਾ ਠੁੱਲੀਵਾਲ ਦੇ ਐਸਐਚਓ ਗੁਰਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਫਿਲਹਾਲ ਕਿਸੇ ਵੱਲੋਂ ਕੋਈ ਲਿਖ਼ਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਜੇਕਰ ਪੀੜ੍ਹਤ ਧਿਰ ਕੋਈ ਲਿਖ਼ਤੀ ਸ਼ਿਕਾਇਤ ਲੈ ਕੇ ਆਉਂਦੀ ਹੈ ਤਾਂ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।