ਚੰਡੀਗੜ੍ਹ,23 ਜੁਲਾਈ, Gee98 News service
-ਪੰਜਾਬ ਦੀ ਨਵੀਂ ਗਠਿਤ ਸੜਕ ਸੁਰੱਖਿਆ ਫੋਰਸ ਲਈ ਪਿਛਲੇ ਦਿਨੀ ਖਰੀਦ ਕੀਤੀਆਂ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਡੀਜੀਪੀ ਨੂੰ ਕੀਤੀ ਹੈ। ਪੰਜਾਬ ਕਾਂਗਰਸ ਭਵਨ ‘ਚ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਸਤਨਾਮ ਸਿੰਘ ਧਵਨ ਨਾਮ ਦੇ ਆਰਟੀਆਈ ਐਕਟੀਵਿਸਟ ਵੱਲੋਂ ਪ੍ਰਾਪਤ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਸੜਕ ਸੁਰੱਖਿਆ ਫੋਰਸ ਲਈ 144 ਟੋਇਟਾ ਹਾਈਲਕਸ ਵਾਹਨਾਂ ਦੀ ਖਰੀਦ ਵਿੱਚ ਵੱਡੀਆਂ ਵਿੱਤੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਕੀਤਾ ਹੈ ਜੋ ਪੜ੍ਹਤਾਲ ਦਾ ਵਿਸ਼ਾ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੇਕਰ ਕੋਈ ਆਮ ਵਿਅਕਤੀ ਕਿਸੇ ਵੀ ਕੰਪਨੀ ਤੋਂ ਇੱਕ ਗੱਡੀ ਦੀ ਖਰੀਦ ਵੀ ਕਰਦਾ ਹੈ ਤਾਂ ਵੀ ਕੰਪਨੀ ਲੱਖਾਂ ਰੁਪਏ ਦੀ ਛੋਟ ਦਿੰਦੀ ਹੈ ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ 144 ਗੱਡੀਆਂ ਖਰੀਦਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਸੰਬੰਧਿਤ ਕੰਪਨੀ ਤੋਂ ਕੋਈ ਛੋਟ ਪ੍ਰਾਪਤ ਨਹੀਂ ਕੀਤੀ ਅਤੇ ਇਹ 144 ਗੱਡੀਆਂ ਲੱਗਭੱਗ 37 ਲੱਖ ਰੁਪਏ ਪ੍ਰਤੀ ਵਾਹਨ ਦੀ ਕੀਮਤ ‘ਤੇ ਖਰੀਦ ਕੀਤੀਆਂ ਗਈਆਂ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ 14 ਕਰੋੜ ਤੋਂ ਲੈ ਕੇ 21 ਕਰੋੜ ਤੱਕ ਦਾ ਚੂਨਾ ਲੱਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਖਹਿਰਾ ਨੇ ਇੱਕ ਆਮ ਵਿਅਕਤੀ ਵੱਲੋਂ ਇਹੋ ਖਰੀਦ ਕੀਤੀ ਗੱਡੀ ਦਾ ਖਰੀਦ ਬਿੱਲ ਵੀ ਪੇਸ਼ ਕੀਤਾ ਜੋ ਲੱਗਭੱਗ 26 ਲੱਖ ਦਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਇਹੋ ਗੱਡੀ ਲੱਗਭੱਗ 37 ਲੱਖ ਰੁਪਏ ਦੇ ਵਿੱਚ ਖਰੀਦੀ ਗਈ ਹੈ।
ਖਹਿਰਾ ਨੇ ਇਹ ਵੀ ਦੋਸ਼ ਲਗਾਏ ਕਿ ਇਹ ਗੱਡੀਆਂ ਟੋਇਟਾ ਕਿਰਲੋਸਕਰ ਮੋਟਰ ਪ੍ਰਾਈਵੇਟ ਲਿਮਿਟਡ ਤੋਂ ਖਰੀਦ ਕਰਨ ਮੌਕੇ ਗਲੋਬ ਟੋਇਟਾ ਮੋਹਾਲੀ ਨੂੰ ਵਿਚੋਲਗੀ ਦੀ ਭੂਮਿਕਾ ਦਿੱਤੀ ਗਈ ਜਦਕਿ ਸਰਕਾਰ ਸਿੱਧੇ ਤੌਰ ‘ਤੇ ਵੀ ਕੰਪਨੀ ਨਾਲ ਸੰਪਰਕ ਕਰ ਸਕਦੀ ਸੀ। ਖਹਿਰਾ ਨੇ ਦੋਸ਼ ਲਗਾਏ ਕਿ 144 ਗੱਡੀਆਂ ਖਰੀਦਣ ਦੀ ਪ੍ਰਕਿਰਿਆ ਵਿੱਚ ਵੀ ਕੋਟੇਸ਼ਨਾਂ ਦੀ ਪ੍ਰਕਿਰਿਆ ਨਹੀਂ ਅਪਣਾਈ ਗਈ ਸਗੋਂ ਇੱਕੋ ਕੰਪਨੀ ਨੂੰ ਹੀ ਖਰੀਦ ਪ੍ਰਕਿਰਿਆ ਵਿੱਚ ਸ਼ਾਮਿਲ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਇਹ ਦੋਸ਼ ਵੀ ਲਗਾਏ ਕਿ ਇਹਨਾਂ ਗੱਡੀਆਂ ਦੀ ਖਰੀਦ ਕਰਕੇ ਹੀ ਸਬੰਧਿਤ ਕੰਪਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੂੰ ਦੋ ਇਨੋਵਾ ਗੱਡੀਆਂ ਤੋਹਫੇ ਵਜੋਂ ਦਿੱਤੀਆਂ, ਖਹਿਰਾ ਨੇ ਇਸ ਦੀ ਵੀ ਵੱਖਰੇ ਤੌਰ ‘ਤੇ ਜਾਂਚ ਦੀ ਮੰਗ ਕੀਤੀ। ਸੜਕ ਸੁਰੱਖਿਆ ਫੋਰਸ ਲਈ 144 ਗੱਡੀਆਂ ਦੀ ਖਰੀਦ ਪ੍ਰਕਿਰਿਆ ਵਿੱਚ ਵੱਡੀਆਂ ਵਿੱਤੀ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਲਈ ਬਤੌਰ ਗ੍ਰਹਿ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਸੀਬੀਆਈ ਜਾਂ ਈਡੀ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਣਗੀਆਂ ਤਾਂ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਇਸ ਭ੍ਰਿਸ਼ਟਾਚਾਰ ਦੀਆਂ ਪਰਤਾਂ ਖੋਲਣ ਲਈ ਵੱਖਰੀ ਪਟੀਸ਼ਨ ਦਾਇਰ ਕਰਨਗੇ।