ਬਰਨਾਲਾ,16 ਦਸੰਬਰ,( ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ‘ਚ ਵਾਪਰੀ ਇੱਕ ਵੱਡੀ ਘਟਨਾ ਤਹਿਤ ਭਦੌੜ ਖੇਤਰ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਨੌਜਵਾਨ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਸਰਪੰਚ ਸੁਖਜੀਤ ਸਿੰਘ ਉਮਰ 26 ਸਾਲ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸੀ। ਮ੍ਰਿਤਕ ਸਰਪੰਚ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਤੋਂ ਲੈ ਕੇ ਹੀ ਉਹਨਾਂ ਨਾਲ ਪਿੰਡ ਦੇ ਕੁਝ ਲੋਕ ਰੰਜਿਸ਼ ਰੱਖ ਰਹੇ ਸਨ। ਉਹਨਾਂ ਕਿਹਾ ਕਿ ਸਰਪੰਚ ਨੇ ਨਸ਼ਾ ਤਸਕਰਾਂ ਦੇ ਖਿਲਾਫ ਵੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਜੋ ਨਸ਼ਾ ਤਸਕਰਾਂ ਨੂੰ ਰਾਸ ਨਹੀਂ ਆਈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹੀ ਨਸ਼ਾ ਤਸਕਰ ਆਪਣੇ ਕਈ ਸਾਥੀਆਂ ਸਮੇਤ ਸਰਪੰਚ ਦੇ ਘਰ ਹਥਿਆਰ ਲੈ ਕੇ ਆ ਗਏ। ਜਿਸ ਤੋਂ ਬਾਅਦ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀਆਂ ‘ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਬਰਛਾ ਲਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਿਲ ਹਸਪਤਾਲ ਬਰਨਾਲਾ ਭੇਜਿਆ ਗਿਆ। ਪਰ ਰਾਸਤੇ ਵਿਚ ਹੀ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ। ਸਰਪੰਚ ਸੁਖਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ ਸੁਖਜੀਤ ਸਿੰਘ ਸਭ ਤੋਂ ਘੱਟ ਉਮਰ ਦਾ ਸਰਪੰਚ ਸੀ। ਜਿਸ ਦੀ ਉਮਰ ਸਿਰਫ਼ 26 ਸਾਲ ਸੀ ਅਤੇ ਅਜੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ।