-ਮੱਤੇਵਾੜਾ ਪ੍ਰੋਜੈਕਟ ਰੱਦ ਕਰਕੇ ਮੁੱਖ ਮੰਤਰੀ ਨੇ ਵਿਆਹ ਤੋਂ ਬਾਅਦ ਕੀਤਾ ਚੰਗਾ ਕੰਮ
ਬਰਨਾਲਾ,11 ਜੁਲਾਈ (ਨਿਰਮਲ ਸਿੰਘ ਪੰਡੋਰੀ ) :-
ਸਿੱਧੂ ਮੂਸੇਵਾਲਾ ਦਾ ਕਤਲ ਕੇਂਦਰ ਅਤੇ ਪੰਜਾਬ ਸਰਕਾਰ ਦੀ ਇੱਕ ਗਿਣੀਮਿਥੀ ਸਾਜ਼ਿਸ਼ ਤਹਿਤ ਹੋਇਆ ਹੈ, ਇਸ ਲਈ ਕੇਂਦਰ ਤੇ ਰਾਜ ਸਰਕਾਰ ਤੋਂ ਸਿੱਧੂ ਮੂਸੇਵਾਲਾ ਦੇ ਕਤਲ ਸੰਬੰਧੀ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਮਰਨਜੀਤ ਸਿੰਘ ਮਾਨ ਐਮਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਟ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਪੁੱਜੇ ਸ. ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਅੰਤਰਰਾਸ਼ਟਰੀ ਪੱਧਰ ’ਤੇ ਹੋਣੀ ਚਾਹੀਦੀ ਹੈ। ਮੱਤੇਵਾੜਾ ਜੰਗਲ ਸੰਬੰਧੀ ਭਗਵੰਤ ਮਾਨ ਸਰਕਾਰ ਦੇ ਯੂ-ਟਰਨ ਸੰਬੰਧੀ ਟਿੱਪਣੀ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ‘‘ਵਿਆਹ ਤੋਂ ਬਾਅਦ ਸਾਡੇ ਮੁੱਖ ਮੰਤਰੀ ਨੇ ਇੱਕ ਚੰਗਾ ਫ਼ੈਸਲਾ ਕੀਤਾ ਹੈ’’। ਪੰਜਾਬ ਸਰਕਾਰ ਵੱਲੋਂ ਇੱਕ ਹਾਈਪਾਵਰ ਸਲਾਹਕਾਰ ਕਮੇਟੀ ਬਣਾ ਕੇ ਰਾਘਵ ਚੱਢਾ ਨੂੰ ਚੇਅਰਮੈਨ ਲਾਉਣ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਦੇ ਹੋਏ ਸ. ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਿਨਾਂ ਸੋਚੇ ਸਮਝੇ ਵੋਟਾਂ ਪਾਈਆਂ ਜਿਸ ਦਾ ਨਤੀਜਾ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨਹੀਂ ਲਾਹੁਣ ਦਿੱਤੀਆਂ ਜਾਣਗੀਆਂ ਅਤੇ ਇਹ ਤਸਵੀਰਾਂ ਦੁਬਾਰਾ ਲਗਾਈਆਂ ਜਾਣਗੀਆਂ। ਲੋਕ ਸਭਾ ’ਚ ਕਿਰਪਾਨ ਲੈ ਕੇ ਜਾਣ ਦੇ ਮੁੱਦੇ ’ਤੇ ਇੱਕ ਸਵਾਲ ਦੇ ਜਵਾਬ ’ਚ ਸ. ਮਾਨ ਨੇ ਕਿਹਾ ਕਿ ਉਹ ਸੰਵਿਧਾਨ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਪੰਜਾਬ ਵਿਰੋਧੀ ਤਾਕਤਾਂ ਨੇ ਚਾਰੇ ਪਾਸੇ ਤੋਂ ਘੇਰਿਆ ਹੋਇਆ ਹੈ। ਕੇਂਦਰ ਸਰਕਾਰ ਪੰਜਾਬ ਨਾਲ ਹਰ ਖ਼ੇਤਰ ’ਚ ਧੱਕਾ ਕਰ ਰਹੀ ਹੈ, ਜਿਸ ਦੇ ਖਿਲਾਫ਼ ਆਵਾਜ਼ ਚੁੱਕਣੀ ਜ਼ਰੂਰੀ ਹੈ। ਸ. ਮਾਨ ਨੇ ਕਿਹਾ ਕਿ ਪਾਰਲੀਮੈਟ ’ਚ ਪੰਜਾਬ ਦੇ ਰਵਾਇਤੀ ਮੁੱਦਿਆਂ ਨੂੰ ਪੂਰੇ ਜ਼ੋਰ ਨਾਲ ਅਤੇ ਕਾਨੂੰਨੀ ਨੁਕਤਿਆਂ ਤੋਂ ਚੁੱਕਿਆ ਜਾਵੇਗਾ। ਉਨਾਂ ਕਿਹਾ ਕਿ ਜ਼ਿਮਨੀ ਚੋਣ ’ਚ ਸੰਗਰੂਰ ਹਲਕੇ ਦੇ ਲੋਕਾਂ ਨੇ ਬਹੁਤ ਮਹੱਤਵਪੂਰਨ ਜਿੱਤ ਦਿਵਾਈ ਹੈ ਇਸ ਲਈ ਉਹ ਲੋਕਾਂ ਨੂੰ ਕਦੇ ਨਿਰਾਸ਼ ਨਹੀਂ ਕਰਨਗੇ। ਇਸ ਮੌਕੇ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਟ, ਜਸਕਰਨ ਸਿੰਘ ਕਾਹਨਸਿੰਘਵਾਲਾ ਜਨਰਲ ਸਕੱਤਰ, ਗੁਰਜੰਟ ਸਿੰਘ ਕੱਟੂ ਸਪੈਸ਼ਲ ਸਕੱਤਰ, ਦਰਸ਼ਨ ਸਿੰਘ ਮੰਡੇਰ ਜ਼ਿਲਾ ਪ੍ਰਧਾਨ, ਗੁਰਪ੍ਰੀਤ ਸਿੰਘ ਖੁੱਡੀਕਲਾਂ ਜ਼ਿਲਾ ਯੂਥ ਪ੍ਰਧਾਨ,ਕੁਲਵੀਰ ਸਿੰਘ ਸਰਪੰਚ ਧੂਰਕੋਟ ਅਤੇ ਵੱਡੀ ਗਿਣਤੀ ’ਚ ਸ਼ੋਮਣੀ ਅਕਾਲੀ ਦਲ (ਅ) ਦੇ ਆਗੂ ਤੇ ਵਰਕਰ ਹਾਜ਼ਰ ਸਨ।