ਚੰਡੀਗੜ੍ਹ ,1 ਅਗਸਤ , Gee98 News service
-ਲੋਕਾਂ ਨੂੰ ਖਾਣ ਪੀਣ ਅਤੇ ਲੋੜ ਪੈਣ ‘ਤੇ ਰਿਹਾਇਸ਼ ਮੁਹੱਈਆ ਕਰਵਾਉਣ ਦੇ ਨਾਮ ਹੇਠ ਖੁੱਲ੍ਹੇ ਹੋਟਲਾਂ ਵਿੱਚ ਗ਼ੈਰ ਸਮਾਜਿਕ ਧੰਦੇ ਨੇ ਗ਼ੈਰਤਮੰਦ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਕੀਤਾ ਹੋਇਆ ਹੈ। ਰੋਜ਼ਾਨਾ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ‘ਚੋਂ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ ਜਿੱਥੇ ਪੁਲਿਸ ਹੋਟਲ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ ਦੇ ਆਦੇਸ਼ ਹਸਪਤਾਲ ਦੇ ਨੇੜੇ ਇੱਕ ਹੋਟਲ ਦੇ ਮਾਲਕ ‘ਤੇ ਪੰਜਾਬ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਕੈਂਟ ਦੇ ਐਸਐਚਓ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭੁੱਚੋ ਆਦੇਸ਼ ਹਸਪਤਾਲ ਦੇ ਨੇੜੇ ਹੋਟਲ ਦਾ ਮਾਲਕ ਗੁਰਦੀਪ ਸਿੰਘ ਵਾਸੀ ਪਿੰਡ ਲਹਿਰਾ ਬੇਗਾ ਆਪਣੇ ਹੋਟਲ ਵਿੱਚ ਲੜਕੀਆਂ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਤੋਂ ਦੇਹ ਵਪਾਰ ਕਰਵਾਉਂਦਾ ਹੈ। ਪੁਲਿਸ ਨੇ ਪੂਰੇ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕਰਦਿਆਂ ਗੁਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ।
ਜ਼ਿਕਰਯੋਗ ਹੈ ਕਈ ਦਿਨ ਪਹਿਲਾਂ ਬਰਨਾਲਾ ਪੁਲਿਸ ਨੇ ਵੀ ਇੱਥੋਂ ਦੇ 11 ਹੋਟਲਾਂ ‘ਚ ਛਾਪੇਮਾਰੀ ਕਰਕੇ ਹੋਟਲਾਂ ਨੂੰ ਬੰਦ ਕਰਵਾ ਦਿੱਤਾ ਸੀ ਅਤੇ ਜ਼ਰੂਰੀ ਦਸਤਾਵੇਜ਼ ਬਣਾਉਣ ਦੇ ਹੁਕਮ ਦਿੱਤੇ ਸਨ। ਬਰਨਾਲਾ ਪੁਲਿਸ ਨੇ ਹੋਟਲਾਂ ਦੀ ਚੈਕਿੰਗ ਦੌਰਾਨ ਕੁਝ ਹੋਟਲਾਂ ਵਿੱਚੋਂ ਕੁਝ ਪ੍ਰੇਮੀ ਜੋੜਿਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਪ੍ਰੰਤੂ ਪੁਲਿਸ ਨੇ ਇਸ ਮਾਮਲੇ ਵਿੱਚ ਹੋਟਲ ਮਾਲਕਾਂ ਤੇ ਪ੍ਰੇਮੀ ਜੋੜਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਬਰਨਾਲਾ ਪੁਲਿਸ ਦਾ ਮੰਨਣਾ ਹੈ ਕਿ ਬਾਲਗ ਜੋੜੇ ਆਪਸੀ ਸਹਿਮਤੀ ਨਾਲ ਕਿਸੇ ਵੀ ਹਾਲਾਤ ਵਿੱਚ ਰਹਿ ਸਕਦੇ ਹਨ ਪਰੰਤੂ ਦੂਜੇ ਪਾਸੇ ਇਸ ਗੱਲ ਦੀ ਹੈਰਾਨੀ ਹੈ ਕਿ ਕੁਝ ਦਿਨ ਪਹਿਲਾਂ ਜੀਰਕਪੁਰ ਤੇ ਮੋਗਾ ਵਿਖੇ ਬਰਨਾਲਾ ਪੁਲਿਸ ਵਾਂਗ ਹੀ ਉੱਥੋਂ ਦੀ ਪੁਲਿਸ ਨੇ ਹੋਟਲਾਂ ‘ਤੇ ਛਾਪੇਮਾਰੀ ਕੀਤੀ ਅਤੇ ਹੋਟਲ ਮਾਲਕਾਂ ਤੇ ਪ੍ਰੇਮੀ ਜੋੜਿਆਂ ‘ਤੇ ਮੁਕੱਦਮੇ ਦਰਜ ਕੀਤੇ। ਇਹ ਸਮਝ ਤੋਂ ਪਰ੍ਹੇ ਹੈ ਕਿ ਬਰਨਾਲਾ ਪੁਲਿਸ ਹੋਟਲ ਮਾਲਕਾਂ ਵੱਲੋਂ ਪੈਸੇ ਲੈ ਕੇ ਕੁਝ ਸਮੇਂ ਲਈ ਕਮਰੇ ਕਿਰਾਏ ‘ਤੇ ਦੇ ਕੇ ਲੋਕਾਂ ਨੂੰ ਜਿਸਮਾਨੀ ਭੁੱਖ ਮਿਟਾਉਣ ਲਈ ਉਤਸ਼ਾਹਿਤ ਕਰਨ ਵਾਲੇ ਹੋਟਲ ਮਾਲਕਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੀ, ਕਿਉਂਕਿ ਅਜਿਹਾ ਤਾਂ ਕੋਈ ਕਾਨੂੰਨ ਵੀ ਨਹੀਂ ਹੈ ਜਿਹੜਾ ਹੋਟਲ ਮਾਲਕਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੋਵੇ ਜਾਂ ਅਜਿਹੀ ਕੋਈ “ਮਨਜ਼ੂਰੀ” ਵੀ ਨਹੀਂ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੈ ਕੇ ਹੋਟਲ ਮਾਲਕ ਕਮਰਿਆਂ ‘ਚ ਪ੍ਰੇਮੀ ਜੋੜਿਆਂ ਨੂੰ ਜਿਸਮਾਂ ਦੀ ਭੁੱਖ ਮਿਟਾਉਣ ਲਈ ਕਮਰੇ ਕਿਰਾਏ ‘ਤੇ ਦੇਣ।