ਬਰਨਾਲਾ,31 ਜੁਲਾਈ (ਨਿਰਮਲ ਸਿੰਘ ਪੰਡੋਰੀ)-
-ਟਰੱਕ ਯੂਨੀਅਨ ਬਰਨਾਲਾ ਦੀ ਕੀਮਤੀ ਜਗ੍ਹਾ ਮੌਜੂਦਾ ਪ੍ਰਧਾਨ ਵੱਲੋਂ ਸਸਤੇ ਭਾਅ ਲੀਜ਼ ‘ਤੇ ਦੇਣ ਦੇ ਮੁੱਦੇ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਟਰੱਕ ਯੂਨੀਅਨ ਦੇ ਵੱਡੀ ਗਿਣਤੀ ਆਪਰੇਟਰਾਂ ਨੇ ਬਰਨਾਲੇ ‘ਚ ਸੱਤਾਧਿਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੱਤਾਧਾਰੀਆਂ ਦੇ ਅਸ਼ੀਰਵਾਦ ਸਦਕਾ ਬਣੇ ਪ੍ਰਧਾਨ ਦੇ ਬਰਾਬਰ ਆਪਣਾ ਨਵਾਂ ਪ੍ਰਧਾਨ ਚੁਣ ਲਿਆ। ਟਰੱਕ ਯੂਨੀਅਨ ਦੇ ਵਿਹੜੇ ਇਕੱਤਰ ਹੋਏ ਵੱਡੀ ਗਿਣਤੀ ਟਰੱਕ ਆਪਰੇਟਰਾਂ ਨੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਯੂਨੀਅਨ ਦੇ ਮੌਜੂਦਾ ਪ੍ਰਧਾਨ ਹਰਦੀਪ ਸਿੰਘ ਸਿੱਧੂ ‘ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲਗਾਉਂਦੇ ਹੋਏ ਬਗਾਵਤ ਦਾ ਝੰਡਾ ਚੁੱਕਦੇ ਹੋਏ ਟਰੱਕ ਆਪਰੇਟਰ ਸੁਖਪਾਲ ਸਿੰਘ ਪਾਲਾ ਸੰਧੂ ਨੂੰ ਪ੍ਰਧਾਨ ਚੁਣ ਦਿੱਤਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਟਰੱਕ ਆਪਰੇਟਰਾਂ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਉਹ ਹਰਦੀਪ ਸਿੰਘ ਸਿੱਧੂ ਨੂੰ ਆਪਣਾ ਪ੍ਰਧਾਨ ਨਹੀਂ ਮੰਨਦੇ ਕਿਉਂਕਿ ਸਿੱਧੂ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਹਿਸਾਬ ਕਿਤਾਬ ਵਿੱਚ ਕਰੋੜਾਂ ਦੀਆਂ ਬੇਨਿਯਮੀਆਂ ਹੋਈਆਂ ਹਨ। ਟਰੱਕ ਆਪਰੇਟਰਾਂ ਨੇ ਇਹ ਵੀ ਦੋਸ਼ ਲਗਾਏ ਕਿ ਯੂਨੀਅਨ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਸਸਤੇ ਭਾਅ ਆਪਣੇ ਚਹੇਤਿਆਂ ਨੂੰ 20 ਸਾਲ ਲਈ ਲੀਜ਼ ‘ਤੇ ਦੇਣ ਦੇ ਫੈਸਲੇ ਸਬੰਧੀ ਵੀ ਕਿਸੇ ਟਰੱਕ ਆਪਰੇਟਰ ਦੀ ਸਲਾਹ ਨਹੀਂ ਲਈ ਗਈ ਜਦਕਿ ਚਾਹੀਦਾ ਤਾਂ ਇਹ ਸੀ ਕਿ ਇੰਨੇ ਵੱਡੇ ਫੈਸਲੇ ਤੋਂ ਪਹਿਲਾਂ ਟਰੱਕ ਯੂਨੀਅਨ ਦੇ ਵਿਹੜੇ ਸਾਰੇ ਟਰੱਕ ਆਪਰੇਟਰਾਂ ਨੂੰ ਇਕੱਠੇ ਕਰਕੇ ਇਹ ਮਾਮਲਾ ਟਰੱਕ ਆਪਰੇਟਰਾਂ ਦੀ ਕਚਹਿਰੀ ਵਿੱਚ ਰੱਖਿਆ ਜਾਂਦਾ ਪ੍ਰੰਤੂ ਪ੍ਰਧਾਨ ਨੇ ਸੱਤਾਧਿਰ ਦੇ ਵੱਡੇ ਆਗੂਆਂ ਦੇ ਇਸ਼ਾਰੇ ‘ਤੇ ਯੂਨੀਅਨ ਦੀ ਜ਼ਮੀਨ ਖੁਰਦ ਬੁਰਦ ਕਰਨ ਦਾ ਯਤਨ ਕੀਤਾ ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਚੁਣੇ ਗਏ ਪ੍ਰਧਾਨ ਸੁਖਪਾਲ ਸਿੰਘ ਪਾਲਾ ਸੰਧੂ ਨੇ ਕਿਹਾ ਕਿ ਉਹ ਟਰੱਕ ਆਪਰੇਟਰਾਂ ਦੇ ਹਿੱਤਾਂ ਲਈ ਕੰਮ ਕਰਨਗੇ ਅਤੇ ਯੂਨੀਅਨ ਦਾ ਸਾਰਾ ਹਿਸਾਬ ਕਿਤਾਬ ਪੂਰਾ ਪਾਰਦਰਸ਼ੀ ਹੋਵੇਗਾ ਜੋ ਯੂਨੀਅਨ ਦੀਆਂ ਕੰਧਾਂ ‘ਤੇ ਚਿਪਕਾਇਆ ਜਾਵੇਗਾ। ਇਸ ਮੌਕੇ ਟਰੱਕ ਆਪਰੇਟਰਾਂ ਦੇ ਸੱਦੇ ‘ਤੇ ਵਿਸ਼ੇਸ਼ ਤੌਰ ‘ਤੇ ਯੂਨੀਅਨ ਦੀ ਵਿਹੜੇ ਪੁੱਜੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਟਰੱਕ ਆਪਰੇਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਟਰੱਕ ਆਪਰੇਟਰਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣ ਦੇਣਗੇ। ਵਿਧਾਇਕ ਢਿੱਲੋਂ ਨੇ ਕਿਹਾ ਕਿ ਯੂਨੀਅਨ ਦੀ ਕੀਮਤੀ ਜ਼ਮੀਨ ਵਿੱਚੋਂ ਇੱਕ ਇੰਚ ਜਗ੍ਹਾ ਵੀ ਕਿਸੇ ਨੂੰ ਨਹੀਂ ਦੇਣ ਦਿੱਤੀ ਜਾਵੇਗੀ।
ਯੂਨੀਅਨ ਦੀ ਕੀਮਤੀ ਜਮੀਨ ਨੂੰ ਕੌਡੀਆਂ ਦੇ ਭਾਅ ਲੀਜ਼ ‘ਤੇ ਦੇਣ ਤੋਂ ਬਾਅਦ ਅਤੇ ਵੱਡੀ ਗਿਣਤੀ ਟਰੱਕ ਆਪਰੇਟਰਾਂ ਵੱਲੋਂ ਸੁਖਪਾਲ ਸਿੰਘ ਪਾਲਾ ਸੰਧੂ ਨੂੰ ਆਪਣਾ ਪ੍ਰਧਾਨ ਚੁਣਨ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਬਰਨਾਲਾ ਜ਼ਿਲ੍ਹੇ ਦੇ ਸੱਤਾਧਰੀ ਆਗੂਆਂ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ ਕਿਉਂਕਿ ਪਾਲਾ ਸੰਧੂ ਨੂੰ ਪ੍ਰਧਾਨ ਚੁਣਨ ਵਾਲੇ ਵੱਡੀ ਗਿਣਤੀ ਟਰੱਕ ਆਪਰੇਟਰ ਸ਼ਰੇਆਮ ਬਾਹਾਂ ਖੜੀਆਂ ਕਰਕੇ ਆਖ ਰਹੇ ਹਨ ਕਿ ਉਹਨਾਂ ਨੇ ਲੰਘੀਆਂ ਸਾਰੀਆਂ ਚੋਣਾਂ ਵਿੱਚ ਮੀਤ ਹੇਅਰ ਨੂੰ ਵੋਟਾਂ ਪਾਈਆਂ,ਅਜਿਹੇ ਹਾਲਾਤਾਂ ਵਿੱਚ ਜੇਕਰ ਮੀਤ ਹੇਅਰ ਇਹਨਾਂ ਵੱਡੀ ਗਿਣਤੀ ਟਰੱਕ ਆਪਰੇਟਰਾਂ ਦੇ ਫੈਸਲੇ ਨੂੰ ਅੱਖੋਂ ਪਰੋਖੇ ਕਰੇਗਾ ਤਾਂ ਬਰਨਾਲਾ ‘ਚ ਆਮ ਆਦਮੀ ਪਾਰਟੀ ਨੂੰ ਸਿਆਸੀ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਕੁੱਲ ਮਿਲਾ ਕੇ ਟਰੱਕ ਯੂਨੀਅਨ ਦੇ ਵਿਵਾਦ ਨੇ ਬਰਨਾਲਾ ‘ਚ ਸੱਤਾਧਾਰੀ ਆਗੂਆਂ ਲਈ ਸੱਪ ਦੇ ਮੂੰਹ ‘ਚ ਕੋੜ ਕਿਰਲੀ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ।