ਚੰਡੀਗੜ੍ਹ,1 ਅਗਸਤ, Gee98 News service
ਸਕੂਲ ਵਿੱਚ ਆਪਣੀ ਡਿਊਟੀ ਦੌਰਾਨ ਤੰਤਰ ਮੰਤਰ ਕਰਨ ਵਾਲੀ ਇੱਕ ਅਧਿਆਪਕਾ ਨੂੰ ਸਿੱਖਿਆ ਵਿਭਾਗ ਨੇ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂਖੜੀ ਕਲਾਂ ਦੀ ਗ੍ਰਾਮ ਪੰਚਾਇਤ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਪੰਜਾਬ ਵੱਲੋਂ ਈਟੀਟੀ ਅਧਿਆਪਕ ਕਮਲਜੀਤ ਕੌਰ ਨੂੰ ਸਕੂਲ ਵਿੱਚ ਜਾਦੂ ਟੂਣਾ ਕਰਨ ਅਤੇ ਕਲਾਸ ਵਿੱਚ ਹੀ ਸਿਗਰਟ ਸੇਵਨ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਇਸ ਅਧਿਆਪਕਾ ‘ਤੇ ਵਿਦਿਆਰਥੀਆਂ ਨਾਲ ਦੁਰਵਿਹਾਰ ਕਰਨ ਦੇ ਦੋਸ਼ ਵੀ ਲੱਗੇ ਹਨ। ਗ੍ਰਾਮ ਪੰਚਾਇਤ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਕਮਲਜੀਤ ਕੌਰ ਕਲਾਸ ਵਿੱਚ ਤੰਤਰ ਮੰਤਰ ਵਰਗੀਆਂ ਗਤੀਵਿਧੀਆਂ ਵੀ ਕਰਦੇ ਹਨ ਤੇ ਇਸ ਦਾ ਤਜਰਬਾ ਬੱਚਿਆ ਉੱਪਰ ਵੀ ਕਰਕੇ ਦੇਖਦੇ ਹਨ ਜਿਸ ਨਾਲ ਬੱਚੇ ਡਰ ਕੇ ਸਕੂਲ ਨਹੀਂ ਆਉਂਦੇ। ਅਧਿਆਪਕਾ ਦੇ ਇਸ ਵਿਵਹਾਰ ਸਬੰਧੀ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਦੱਸਿਆ ਅਤੇ ਮਾਪਿਆਂ ਨੇ ਪੰਚਾਇਤ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਂਦਾ ਜਿਸ ਤੋਂ ਬਾਅਦ ਪੰਚਾਇਤ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਇਸ ਦੀ ਲਿਖ਼ਤੀ ਸ਼ਿਕਾਇਤ ਕੀਤੀ ਹੈ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਲਿਖਤੀ ਤੌਰ ‘ਤੇ ਇਹ ਮਾਮਲਾ ਅੱਗੇ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਅਤੇ ਡਾਇਰੈਕਟਰ ਨੇ ਤੁਰੰਤ ਪ੍ਰਭਾਵ ਨਾਲ ਅਧਿਆਪਕਾ ਕਮਲਜੀਤ ਕੌਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ। ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਵਿੰਦਰ ਕੌਰ ਨੇ ਕਿਹਾ ਕਿ ਗ੍ਰਾਮ ਪੰਚਾਇਤ ਦੀ ਸ਼ਿਕਾਇਤ ਦੇ ਆਧਾਰ ‘ਤੇ ਅਧਿਆਪਕਾ ਕਮਲਜੀਤ ਕੌਰ ਨੂੰ ਮੁਅੱਤਲ ਕੀਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 9 ਅਗਸਤ 2024 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਜਮਾਲਪੁਰ ਵਿੱਚ ਤਾਇਨਾਤੀ ਦੌਰਾਨ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੇ ਜਾਣ ਕਰਕੇ ਦੇ ਦੋਸ਼ਾਂ ਤਹਿਤ ਇਸੇ ਅਧਿਆਪਕਾ ਨੂੰ ਮੁਅੱਤਲ ਕੀਤਾ ਗਿਆ ਸੀ।