-116 ਦਿਨਾਂ ਦੇ ਕਾਰਜਕਾਲ ’ਚ 51 ਦਿਨ ਬਦਲੀਆਂ ਕਰਨ ‘ਤੇ ਲਗਾਏ
–ਵੰਗਾਂ ਵਾਂਗ ਮੇਚ ਨੀ ਆ ਰਹੀ ਅਫ਼ਸਰਸ਼ਾਹੀ ਝਾੜੂ ਵਾਲਿਆਂ ਦੇ
—ਬਦਲੀਆਂ ਦੇ ਦੌਰ ‘ਚ ਆਈਏਐਸ ਅਤੇ ਆਈਪੀਐਸ ਅਫ਼ਸਰਾਂ ਦੀ ਵੀ ਬਣਾਈ ਰੇਲ
ਚੰਡੀਗੜ,10 ਜੁਲਾਈ (ਨਿਰਮਲ ਸਿੰਘ ਪੰਡੋਰੀ ) :-
ਪੰਜਾਬ ’ਚ ਬਦਲਾਅ ਦੇ ਨਾਅਰੇ ਹੇਠ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸੱਚਮੁੱਚ ਹੀ ਕੁਝ ਕੰਮ ਅਜਿਹੇ ਕੀਤੇ ਹਨ ਜੋ ਰਵਾਇਤੀ ਪਾਰਟੀਆਂ ਦੀਆਂ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ। ਮੁੱਖ ਮੰਤਰੀ ਭਗਵੰਤ ਮਾਨ, ਉਨ੍ਹਾਂ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਅਕਸਰ ਇਹ ਗੱਲ ਹਿੱਕ ਠੋਕ ਕੇ ਕਹਿੰਦੇ ਹਨ ਕਿ ਜੋ ਕੰਮ ਪਿਛਲੇ 70 ਸਾਲਾਂ ’ਚ ਨਹੀਂ ਹੋਏ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ। ਜੇਕਰ ਸੂਬੇ ’ਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ /ਨਿਯੁਕਤੀਆਂ ਦੀ ਗੱਲ ਕਰੀਏ ਤਾਂ ਇਸ ਖ਼ੇਤਰ ਵਿੱਚ ਵੀ ਮਾਨ ਸਰਕਾਰ ਨੇ 16 ਮਾਰਚ ਨੂੰ ਸਹੁੰ ਚੁੱਕਣ ਤੋਂ ਲੈ ਕੇ 9 ਜੁਲਾਈ ਤੱਕ ਆਪਣੇ ਸਿਰਫ਼ 116 ਦਿਨਾਂ ਦੇ ਕਾਰਜਕਾਲ ਦੌਰਾਨ ਬਦਲੀਆਂ ਤੇ ਨਿਯੁਕਤੀਆਂ ਕਰਨ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਪ੍ਰਾਪਤ ਕੀਤੇ ਅੰਕੜਿਆਂ ਅਨੁਸਾਰ ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਤੋਂ 2 ਦਿਨ ਪਹਿਲਾਂ 14 ਮਾਰਚ ਨੂੰ ਮੁੱਖ ਮੰਤਰੀ ਦੇ ਐਡੀਸ਼ਨਲ ਚੀਫ਼ ਸੈਕਟਰੀ ਵਜੋਂ ਸ੍ਰੀ ਰੈਣੂ ਪ੍ਰਸ਼ਾਦ ਆਈਏਐਸ ਦੀ ਨਿਯੁਕਤੀ ਹੋਈ। 19 ਮਾਰਚ ਨੂੰ ਸੂਬੇ ਦੇ ਐਡਵੋਕੇਟ ਜਨਰਲ ਅਨਮੋਲਰਤਨ ਸਿੰਘ ਸਿੱਧੂ ਦੀ ਨਿਯੁਕਤੀ ਕੀਤੀ ਗਈ, 25 ਮਾਰਚ ਨੂੰ ਪ੍ਰਮੋਦ ਕੁਮਾਰ ਆਈਪੀਐਸ ਨੂੰ ਸੀਆਈਡੀ ਦਾ ਸਪੈਸ਼ਲ ਡੀਜੀਪੀ ਨਿਯੁਕਤ ਕੀਤਾ ਗਿਆ। 30 ਮਾਰਚ ਨੂੰ ਜਾਰੀ ਕੀਤੇ ਹੁਕਮਾਂ ’ਚ 6 ਪੀਸੀਐਸ ਅਫ਼ਸਰ ਬਦਲੇ ਗਏ, 31 ਮਾਰਚ ਨੂੰ ਪੁਲਿਸ ਪ੍ਰਸ਼ਾਸਨ ਦੇ 13 ਜ਼ਿਲਿਆਂ ਦੇ ਐਸਐਸਪੀ ਬਦਲ ਦਿੱਤੇ ਗਏ। 2 ਅਪ੍ਰੈਲ ਨੂੰ ਜਾਰੀ ਕੀਤੇ ਹੁਕਮਾਂ ਨੂੰ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। 4 ਅਪ੍ਰੈਲ ਨੂੰ ਆਈਪੀਐਸ ਗੌਰਵ ਯਾਦਵ ਨੂੰ ਮੁੱਖ ਮੰਤਰੀ ਦਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਨਿਯੁਕਤ ਕੀਤਾ ਗਿਆ ਅਤੇ ਇਸੇ ਹੀ ਦਿਨ ਜੇਲਾਂ ਦੇ ਏਡੀਜੀਪੀ ਪ੍ਰਵੀਨ ਸਿਨਹਾ ਦਾ ਤਬਾਦਲਾ ਕੀਤਾ ਗਿਆ। 7 ਅਪ੍ਰੈਲ ਨੂੰ 3 ਆਈਪੀਐਸ ਅਧਿਕਾਰੀਆਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ’ਚ ਨਿਯੁਕਤ ਕੀਤਾ ਗਿਆ। 8 ਅਪ੍ਰੈਲ ਨੂੰ ਬਿਕਰਮਜੀਤ ਸਿੰਘ ਬਰਾੜ ਪੀਪੀਐਸ ਨੂੰ ਏਜੀਟੀਐਫ ’ਚ ਬਤੌਰ ਡੀਐਸਪੀ ਨਿਯੁਕਤ ਕੀਤਾ ਗਿਆ। 8 ਅਪ੍ਰੈਲ ਨੂੰ ਹੀ ਜਲੰਧਰ , ਅੰਮਿ੍ਤਸਰ ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਸਮੇਤ 5 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ । 11 ਅਪ੍ਰੈਲ ਨੂੰ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦੀ ਬਦਲੀ ਕੀਤੀ ਗਈ। 12 ਅਪ੍ਰੈਲ ਨੂੰ 4 ਜ਼ਿਲ੍ਹਿਆਂ ਦੇ ਐਸਐਸਪੀ ਬਦਲ ਦਿੱਤੇ ਗਏ ਅਤੇ ਇਸੇ ਹੀ ਦਿਨ ਇੱਕ ਸਪੈਸ਼ਲ ਡੀਜੀਪੀ, 6 ਏਡੀਜੀਪੀ, 2 ਆਈਜੀ ਬਦਲੇ ਗਏ।

12 ਅਪ੍ਰੈਲ ਨੂੰ ਹੀ 7 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। 13 ਅਪ੍ਰੈਲ ਨੂੰ 4 ਪੀਸੀਐਸ ਅਫ਼ਸਰਾਂ ਨੂੰ ਮੁੱਖ ਮੰਤਰੀ ਦਾ ਡਿਪਟੀ ਸੈਕਟਰੀ ਨਿਯੁਕਤ ਕੀਤਾ ਗਿਆ। 22 ਅਪ੍ਰੈਲ ਨੂੰ 3 ਆਈਏਐਸ ਅਤੇ 1 ਪੀਸੀਐਸ ਅਫ਼ਸਰ ਦੀ ਬਦਲੀ ਹੋਈ। 22 ਅਪ੍ਰੈਲ ਨੂੰ ਹੀ ਐਸਐਸਪੀ ਵਿਜੀਲੈਂਸ ਪਟਿਆਲਾ ਦੀ ਨਿਯੁਕਤੀ ਕੀਤੀ ਗਈ ਅਤੇ ਇਸੇ ਹੀ ਦਿਨ 3 ਜ਼ਿਲਿਆਂ ਦੇ ਐਸਐਸਪੀ ਬਦਲੇ ਗਏ। 23 ਅਪ੍ਰੈਲ ਨੂੰ 2 ਆਈਏਐਸ ਅਫਸਰਾਂ ਨੂੰ ਹੁਸਿਆਰਪੁਰ ਤੇ ਬਠਿੰਡਾ ਮਿਉਂਸਪਲ ਕਾਰਪੋਰੇਸ਼ਨਾਂ ਦਾ ਚਾਰਜ ਦਿੱਤਾ ਗਿਆ। 24 ਅਪ੍ਰੈਲ ਨੂੰ ਬਦਲੀਆਂ ਦੀ ਵੱਡੀ ਸੂਚੀ ਵਿੱਚ 24 ਆਈਏਐਸ ਤੇ 9 ਪੀਸੀਐਸ ਬਦਲੇ ਗਏ। 25 ਅਪ੍ਰੈਲ ਨੂੰ 2 ਆਈਏਐਸ ਅਫ਼ਸਰਾਂ ਦੀ ਬਦਲੀ ਹੋਈ। 27 ਅਪ੍ਰੈਲ ਨੂੰ 1 ਆਈਪੀਐਸ ਅਤੇ 4 ਪੀਪੀਐਸ ਅਫ਼ਸਰ ਬਦਲੇ ਗਏ। 29 ਅਪ੍ਰੈਲ ਨੂੰ ਆਈਏਐਸ ਕਿ੍ਸਨ ਕੁਮਾਰ ਨੂੰ ਐਸਐਸ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ। 30 ਅਪ੍ਰੈਲ ਨੂੰ 2 ਆਈਪੀਐਸ ਅਤੇ 1 ਪੀਪੀਐਸ ਅਫ਼ਸਰ ਦੀ ਬਦਲੀ ਹੋਈ। 2 ਮਈ ਨੂੰ ਕੁਲਜੀਤਪਾਲ ਸਿੰਘ ਮਾਹੀ ਨੇ ਬਤੌਰ ਡੀਪੀਆਈ ਸੈਕੰਡਰੀ ਦਾ ਚਾਰਜ ਸੰਭਾਲਿਆ। 3 ਮਈ ਨੂੰ ਡਾ. ਸੁਖਚੈਨ ਸਿੰਘ ਗਿੱਲ ਆਈਪੀਐਸ ਨੂੰ ਮੁੱਖ ਮੰਤਰੀ ਦਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ। 4 ਮਈ ਨੂੰ ਸਿਵਲ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ 43 ਆਈਏਐਸ ਅਤੇ 38 ਪੀਸੀਐਸ ਅਫ਼ਸਰਾਂ ਦੀਆਂ ਬਦਲੀਆਂ ਹੋਈਆਂ। 7 ਮਈ ਨੂੰ ਜੇਲ੍ਹ ਵਿਭਾਗ ਦੇ 6 ਸੁਪਰਡੈਂਟਾਂ ਦੀ ਬਦਲੀ ਕੀਤੀ ਗਈ। 10 ਮਈ ਨੂੰ ਪੰਜਾਬ ਰੋਡਵੇਜ ਦੇ 5 ਜਨਰਲ ਮੈਨਜਰਾਂ ਦੀ ਬਦਲੀ ਹੋਈ । 11 ਮਈ ਨੂੰ 1 ਆਈਏਐਸ ਤੇ 1 ਪੀਸੀਐਸ ਅਫ਼ਸਰ ਨੂੰ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਹੋਏ। 19 ਮਈ ਨੂੰ 1 ਆਈਪੀਐਸ ਤੇ 2 ਪੀਪੀਐਸ ਅਫ਼ਸਰਾਂ ਦੀਆਂ ਬਦਲੀਆਂ ਹੋਈਆਂ। 23 ਮਈ ਨੂੰ 14 ਆਈਪੀਐਸ ਤੇ 14 ਹੀ ਪੀਪੀਐਸ ਅਫ਼ਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। 24 ਮਈ ਨੂੰ ਸਿਹਤ ਵਿਭਾਗ ਵੱਲੋਂ 39 ਮੈਡੀਕਲ ਅਫ਼ਸਰ ਅਤੇ ਸਪੈਸ਼ਲਿਸਟ ਬਦਲੇ ਗਏ। 3 ਜੂਨ ਨੂੰ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਜੇਲ੍ਹਾਂ ਦੇ ਏਡੀਜੀਪੀ ਦਾ ਵਾਧੂ ਚਾਰਜ ਦਿੱਤਾ ਗਿਆ। 6 ਜੂਨ ਨੂੰ ਡਾ. ਅਰੀਤ ਕੌਰ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ। 8 ਜੂਨ ਨੂੰ ਵਣ-ਵਿਭਾਗ ਵੱਲੋਂ 3 ਆਈਐਫਐਸ ਅਫ਼ਸਰਾਂ ਦੀ ਬਦਲੀ ਕੀਤੀ ਗਈ। 9 ਜੂਨ ਨੂੰ ਪੀਡਬਲਿਯੂਡੀ ਵੱਲੋਂ 3 ਚੀਫ਼ ਇੰਜੀਨੀਅਰ, 2 ਐਕਸੀਅਨ ਤੇ 10 ਐਸਡੀਓ ਬਦਲ ਦਿੱਤੇ ਗਏ। 13 ਜੂਨ ਨੂੰ ਵਿਜੀਲੈਂਸ ਦੇ ਡਾਇਰੈਕਟਰ, 5 ਐਸਐਸਪੀਜ਼ ਸਮੇਤ 10 ਆਈਪੀਐਸ ਤੇ ਪੀਪੀਐਸ ਅਫ਼ਸਰਾਂ ਦੀ ਬਦਲੀ ਕੀਤੀ ਗਈ।

16 ਜੂਨ ਨੂੰ ਮਾਲ ਵਿਭਾਗ ਵਿੱਚ ਵੱਡੇ ਫੇਰ ਬਦਲ ਦੌਰਾਨ 61 ਤਹਿਸੀਲਦਾਰ ਤੇ 19 ਨਾਇਬ ਤਹਿਸੀਲਦਾਰ ਬਦਲੇ ਗਏ ਅਤੇ ਇਸੇ ਹੀ ਦਿਨ ਮਾਲ ਵਿਭਾਗ ਵੱਲੋਂ ਜਾਰੀ ਕੀਤੀ ਦੂਜੀ ਸੂਚੀ ’ਚ 128 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ। 4 ਜੁਲਾਈ ਨੂੰ ਨਗਰ ਕੌਂਸਲਾਂ ਦੇ 104 ਕਾਰਜਸਾਧਕ ਅਫ਼ਸਰ, ਜੂਨੀਅਰ ਇੰਜੀਨੀਅਰ ਤੇ ਲੇਖਾਕਾਰ ਬਦਲੇ ਗਏ। 5 ਜੁਲਾਈ ਨੂੰ ਪੁਲਿਸ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕਰਦੇ ਹੋਏ 1 ਆਈਪੀਐਸ ਸਮੇਤ 324 ਡੀਐਸਪੀ ਬਦਲ ਦਿੱਤੇ ਗਏ। 5 ਜੁਲਾਈ ਨੂੰ ਹੀ 8 ਆਈਪੀਐਸ ਅਫ਼ਸਰਾਂ ਦੀ ਬਦਲੀ ਦੀ ਸੂਚੀ ਜਾਰੀ ਕੀਤੀ ਗਈ। 5 ਜੁਲਾਈ ਨੂੰ ਸਿੱਖਿਆ ਵਿਭਾਗ ਵੱਲੋਂ 14 ਡੀਈਓਜ਼ ਤੇ 11 ਪ੍ਰਿੰਸੀਪਲ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। 5 ਜੁਲਾਈ ਨੂੰ ਹੀ ਪੰਚਾਇਤ ਵਿਭਾਗ ਵੱਲੋਂ 9 ਬੀਡੀਪੀਓ ਬਦਲ ਦਿੱਤੇ ਗਏ। 7 ਜੁਲਾਈ ਨੂੰ ਪੀਡਬਲਿਯੂਡੀ ਦੇ 37 ਐਸਈ, 31 ਐਕਸੀਅਨ ਤੇ 25 ਐਸਡੀਓਜ਼ ਦੀਆਂ ਬਦਲੀਆਂ ਕੀਤੀਆਂ ਗਈਆਂ। 8 ਜੁਲਾਈ ਨੂੰ ਪੁਲਿਸ ਵਿਭਾਗ ਦੇ 101 ਸਬ-ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਇੰਸਪੈਕਟਰ ਬਣਾਇਆ ਗਿਆ ਅਤੇ 9 ਜੁਲਾਈ ਨੂੰ ਪੁਲਿਸ ਪ੍ਰਸ਼ਾਸਨ ਦੇ ਹੀ 64 ਡੀਐਸਪੀ ਬਦਲ ਦਿੱਤੇ ਗਏ। 5 ਜੁਲਾਈ ਨੂੰ ਪੰਜਾਬ ਦੇ ਮੁੱਖ ਸਕੱਤਰ ਦੀ ਅਚਾਨਕ ਕੀਤੀ ਬਦਲੀ ਨੇ ਸੂਬੇ ਦੇ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਨੂੰ ਹੈਰਾਨ ਕੀਤਾ। ਸੂਬੇ ਦੇ ਡੀਜੀਪੀ ਵੀਕੇ ਭਾਵਰਾ ਨੂੰ ਲੰਮੀ ਛੁੱਟੀ ਲੈਣ ਲਈ ਦਬਾਅ ਬਣਾ ਕੇ ਗੌਰਵ ਯਾਦਵ ਆਈਪੀਐਸ ਨੂੰ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ। ਉਪਰੋਕਤ ਅੰਕੜਿਆਂ ਤੋਂ ਸਪੱਸ਼ਟ ਤੌਰ ’ਤੇ ਜ਼ਾਹਿਰ ਹੁੰਦਾ ਹੈ ਕਿ ਛੋਟੇ-ਵੱਡੇ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ/ਨਿਯੁਕਤੀਆਂ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਅਜਿਹਾ ਰਿਕਾਰਡ ਕਾਇਮ ਕੀਤਾ ਹੈ ਜੋ ਪੰਜਾਬ ਦੇ ਗਠਨ ਤੋਂ ਲੈ ਕੇ ਵੱਖ-ਵੱਖ ਸਮੇਂ ਰਾਜ ਕਰਨ ਵਾਲੀਆਂ ਪਾਰਟੀਆਂ ਨਹੀਂ ਕਰ ਸਕੀਆਂ, ਪ੍ਰੰਤੂ ਥੋਕ ’ਚ ਬਦਲੀਆਂ ਕਰਨ ਦੇ ਬਾਵਜੂਦ ਵੀ ਮਾਨ ਸਰਕਾਰ ਅਫ਼ਸਰਸ਼ਾਹੀ ਦੀ ਨਬਜ਼ ਨਹੀਂ ਫੜ ਸਕੀ। ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਪੰਜਾਬ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਿੱਚ ਪਕੜ ਬਣਾਉਣ ਦਾ ਆਮ ਆਦਮੀ ਪਾਰਟੀ ਕਿਹੜਾ ਤਰੀਕਾ ਅਪਣਾ ਰਹੀ ਹੈ ਕਿ ਵਾਰ-ਵਾਰ ਅਫ਼ਸਰਾਂ ਨੂੰ ਇੱਧਰੋ-ਉਧਰ ਕੀਤਾ ਜਾ ਰਿਹਾ ਹੈ। ਅਜਿਹਾ ਸ਼ਾਇਦ ਇਸ ਕਰਕੇ ਹੋ ਰਿਹਾ ਹੈ ਕਿ ਜਾਂ ਤਾਂ ‘‘ਅਫ਼ਸਰਸ਼ਾਹੀ ਸਰਕਾਰ ਦੇ ਅਜੇ ਫਿੱਟ ਨਹੀਂ ਬੈਠ ਰਹੀ ਜਾਂ ਫਿਰ ਸਰਕਾਰੀ ਧਿਰ ਦੇ ਸਿਆਸੀ ਆਗੂਆਂ ਨੂੰ ਆਪਣੀ ਪਸੰਦ ਦਾ ਪਤਾ ਹੀ ਨਹੀਂ ਲੱਗ ਰਿਹਾ’’। ਭਗਵੰਤ ਮਾਨ ਸਰਕਾਰ ਵੱਲੋਂ ਕੀਤਆਂ ਜਾ ਰਹੀਆਂ ਬਦਲੀਆਂ ਦੇ ਦੌਰ ’ਚ ਵਿਰੋਧੀ ਪਾਰਟੀਆਂ ਦੇ ਆਗੂ/ਵਰਕਰ ਚਟਖ਼ਾਰੇ ਲੈ ਰਹੇ ਹਨ। ਹਾਲਾਤ ਕੁਝ ਅਜਿਹੇ ਵੀ ਬਣ ਚੁੱਕੇ ਹਨ ਕਿ ਸ਼ਾਮ ਵੇਲੇ ਜਦ ਕੋਈ ਅਫ਼ਸਰ ਡਿਊਟੀ ਤੋਂ ਘਰ ਪੁੱਜਦਾ ਹੈ ਤਾਂ ਪਰਿਵਾਰਕ ਮੈਂਬਰ ਪੁੱਛਦੇ ਹਨ ਕਿ ‘‘ਅੱਜ ਤੁਹਾਡੀ ਬਦਲੀ ਤਾਂ ਨਹੀਂ ਹੋਈ’’!