ਚੰਡੀਗੜ੍ਹ,14 ਮਾਰਚ, Gee98 News service
-ਜੇਕਰ ਸੂਬੇ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਜੱਦੀ ਸ਼ਹਿਰਾਂ ‘ਚ ਸਿਵਲ ਹਸਪਤਾਲਾਂ ਦੀ ਹਾਲਤ ਪ੍ਰਬੰਧਾਂ ਦੇ ਪੱਖ ਤੋਂ ਮਾੜੀ ਹੋਵੇ ਤਾਂ ਬਾਕੀ ਸੂਬੇ ਦੇ ਹਸਪਤਾਲਾਂ ਦੇ ਹਾਲਾਤਾਂ ਦਾ ਅੰਦਾਜ਼ਾ ਸੌਖੇ ਹੀ ਲਗਾਇਆ ਜਾ ਸਕਦਾ ਹੈ। ਕੁਝ ਸਮਾਂ ਪਹਿਲਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਦੌਰਾਨ ਬਿਜਲੀ ਸਪਲਾਈ ਠੱਪ ਹੋਣ ਦੇ ਮੁੱਦੇ ‘ਤੇ ਸਿਹਤ ਮੰਤਰੀ ਸਵਾਲਾਂ ਦੇ ਘੇਰੇ ਵਿੱਚ ਫਸੇ ਸਨ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਗੁਲੂਕੋਜ਼ ਦੇ ਰੀਐਕਸ਼ਨ ਕਾਰਨ 15 ਗਰਭਵਤੀ ਔਰਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨਾਂ ਨੂੰ ਆਕਸੀਜਨ ‘ਤੇ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੀਆਂ ਔਰਤਾਂ ਗਰਭਵਤੀ ਸਨ ਅਤੇ ਗਾਇਨੀ ਵਾਰਡ ‘ਚ ਸਨ, ਜੋ ਕਿ ਬੱਚੇ ਨੂੰ ਜਨਮ ਦੇ ਚੁੱਕੀਆਂ ਸਨ। ਇਸ ਤੋਂ ਬਾਅਦ ਇਨ੍ਹਾਂ ਨੂੰ ਜਦੋਂ ਗੁਲੂਕੋਜ਼ ਲਾਇਆ ਗਿਆ ਤਾਂ ਇਹਨਾਂ ਸਾਰੀਆਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗਾਇਨੀ ਵਾਰਡ ਵਿੱਚ 15 ਔਰਤਾਂ ਨੂੰ ਗਲਤ ਗੁਲੂਕੋਜ਼ ਲਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਇਨਫੈਕਸ਼ਨ ਹੋ ਗਿਆ। ਗੁਲੂਕੋਜ਼ ਲਗਾਏ ਜਾਣ ਤੋਂ ਬਾਅਦ ਇਕਦਮ ਔਰਤਾਂ ਬੇਸੁੱਧ ਹੋਈਆਂ ਦੱਸੀਆਂ ਜਾ ਰਹੀਆਂ ਹਨ। ਇਸ ਦੌਰਾਨ ਔਰਤਾਂ ਨੂੰ ਕੰਬਣੀ ਛਿੜਨਾ ਅਤੇ ਸਾਹ ਲੈਣ ਵਿੱਚ ਦਿੱਕਤਾਂ ਦਰਪੇਸ਼ ਆਈਆਂ। ਹਸਪਤਾਲ ਦੇ ਐਸਐਮਓ ਡਾ. ਬਲਜੀਤ ਨੇ ਦੱਸਿਆ ਕਿ ਸਾਰੀਆਂ ਔਰਤਾਂ ਨੂੰ ਆਕਸੀਜਨ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਵਿਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ। ਇਸ ਘਟਨਾ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਸਮੇਤ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦੇ ਹੋਏ ਕਿਹਾ ਕਿ ਜਿਹੜੇ ਮੁੱਖ ਮੰਤਰੀ ਦੇ ਆਪਣੇ ਜੱਦੀ ਸ਼ਹਿਰ ਵਿੱਚ ਸਿਹਤ ਸਹੂਲਤਾਂ ਦਾ ਐਨਾ ਮਾੜਾ ਹਾਲ ਹੈ ਕਿ ਮਰੀਜ਼ਾਂ ਨੂੰ ਉਚਕੋਟੀ ਦੀਆਂ ਦਵਾਈਆਂ ਅਤੇ ਗੁਲੂਕੋਜ਼ ਹੀ ਨਹੀਂ ਮਿਲ ਰਿਹਾ ਤਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਕੀ ਹਾਲਤ ਹੋਵੇਗੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਐਨੀ ਵੱਡੀ ਘਟਨਾ ਤੋਂ ਬਾਅਦ ਵੀ ਸੂਬੇ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੇ ਚੁੱਪ ਵੱਟੀ ਹੋਈ ਹੈ।