ਬਰਨਾਲਾ,15 ਮਾਰਚ, Gee98 News service
-ਬਰਨਾਲਾ ਜ਼ਿਲ੍ਹੇ ਦੀ ਨਗਰ ਕੌਂਸਲ ਧਨੌਲਾ ਦੇ ਟਰੀਟਮੈਂਟ ਪਲਾਂਟ ਲਈ ਅਕੁਵਾਇਰ ਕੀਤੀ ਇੱਕ ਕਿਸਾਨ ਦੀ ਜ਼ਮੀਨ ਦੀ ਕੁੱਲ ਰਕਮ ਵਿੱਚੋਂ ਨਗਰ ਕੌਂਸਲ ਦੀ ਇੱਕ ਧਿਰ ਵੱਲੋਂ ਕਮਿਸ਼ਨ ਮੰਗਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਨੇ ਇਸ ਮੁੱਦੇ ‘ਤੇ ਆਪ ਦੇ ਬਰਨਾਲਾ ਨਾਲ ਸੰਬੰਧਿਤ ਆਗੂਆਂ ਨੂੰ ਸਵਾਲਾਂ ਦੇ ਕੇਟਹਿਰੇ ਵਿੱਚ ਖੜਾ ਕੀਤਾ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਇੱਕ ਵਾਇਰਲ ਵੀਡੀਓ ਵਿੱਚ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਜਾਂ ਕਿਸੇ ਕੌਂਸਲਰ ਦੇ ਕਹਿਣ ‘ਤੇ ਇੱਕ ਥਾਣੇ ਦਾ SHO ਇੱਕ ਆਮ ਕਿਸਾਨ ਨੂੰ ਗੈਂਗਸਟਰਾਂ ਵਾਂਗ ਚਾਰ ਗੱਡੀਆਂ ਪੁਲਿਸ ਦੀਆਂ ਭਰ ਕੇ ਉਸਦੇ ਘਰੋਂ ਨਹੀਂ ਚੁੱਕ ਸਕਦਾ। ਬਾਠ ਨੇ ਇਸ ਮਾਮਲੇ ‘ਚ ਧਨੌਲਾ ਥਾਣੇ ਦੇ ਐਸਐਚਓ ਵੱਲੋਂ ਨਿਭਾਈ ਭੂਮਿਕਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਐਸਐਚਓ ਨੇ ਕਾਨੂੰਨ ਨੂੰ ਛਿੱਕੇ ‘ਤੇ ਟੰਗ ਕੇ ਇਹ ਕਾਰਵਾਈ ਮਾਸੀ ਦੇ ਮੁੰਡੇ ਦੇ ਦਬਾਅ ਹੇਠ ਕੀਤੀ ਹੈ, ਭਾਵੇਂ ਕਿ ਗੁਰਦੀਪ ਸਿੰਘ ਬਾਠ ਨੇ ਆਪਣੀ ਵਾਇਰਲ ਵੀਡੀਓ ਵਿੱਚ ਨਾਮ ਨਹੀਂ ਲਿਆ ਪ੍ਰੰਤੂ ਅਕਸਰ ਗੁਰਦੀਪ ਸਿੰਘ ਬਾਠ ਮਾਸੀ ਦਾ ਮੁੰਡਾ ਤੇ ਤਖੱਲਸ ਆਪ ਆਗੂ ਹਰਿੰਦਰ ਸਿੰਘ ਧਾਲੀਵਾਲ ਲਈ ਹੀ ਵਰਤਦਾ ਹੈ। ਗੁਰਦੀਪ ਸਿੰਘ ਬਾਠ ਨੇ ਐਸਐਸਪੀ ਤੋਂ ਮੰਗ ਕੀਤੀ ਕਿ 13 ਮਾਰਚ ਵਾਲੇ ਦਿਨ ਥਾਣਾ ਧਨੌਲਾ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾਵੇ ਕਿ ਕਿਵੇਂ ਐਸਐਚਓ ਨੇ ਸਬੰਧਿਤ ਕਿਸਾਨ ਨੂੰ ਬਿਨਾਂ ਕਿਸੇ ਕਸੂਰ ਤੋਂ ਥਾਣੇ ‘ਚ ਬਿਠਾ ਕੇ ਰੱਖਿਆ ਤੇ ਇਸ ਦੌਰਾਨ ਉੱਥੇ ਨਗਰ ਕੌਂਸਲ ਦੀ ਕਮਿਸ਼ਨ ਮੰਗਣ ਵਾਲੀ ਧਿਰ ਵੀ ਹਾਜ਼ਰ ਸੀ। ਬਾਠ ਨੇ ਕਿਹਾ ਕਿ ਇਹ ਸਾਰਾ ਕੁਝ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕਿਆ ਹੈ ਜਿਸ ਦੇ ਅਧਾਰ ‘ਤੇ ਐਸਐਸਪੀ ਨੂੰ ਐਸਐਚਓ ਦੇ ਖ਼ਿਲਾਫ਼ ਕਾਰਵਾਈ ਕਰਕੇ ਤੁਰੰਤ ਲਾਈਨ ਹਾਜ਼ਰ ਕਰਨਾ ਚਾਹੀਦਾ ਤੇ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾਣੀ ਚਾਹੀਦੀ ਹੈ। ਬਾਠ ਨੇ ਇਹ ਵੀ ਮੰਗ ਕੀਤੀ ਕਿ ਐਸਐਚਓ ਸਮੇਤ “ਆਪ” ਦੇ ਬਰਨਾਲਾ ਨਾਲ ਸੰਬੰਧਿਤ ਸੀਨੀਅਰ ਆਗੂਆਂ ਅਤੇ ਨਗਰ ਕੌਂਸਲ ਦੀ ਕਮਿਸ਼ਨ ਮੰਗਦੀ ਧਿਰ ਦੇ ਮੋਬਾਈਲ ਫੋਨਾਂ ਦੀ ਕਾਲ ਰਿਕਾਰਡਿੰਗ ਵੀ ਟਰੇਸ ਕੀਤੀ ਜਾਣੀ ਚਾਹੀਦੀ ਹੈ। ਬਾਠ ਨੇ ਦਾਅਵਾ ਕੀਤਾ ਕਿ ਜੇਕਰ ਇਸ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਹੋਵੇ ਤਾਂ ਕਈ ਵੱਡੇ ਆਗੂਆਂ ਦੇ ਚਿਹਰੇ ਤੋਂ ਮਖੌਟਾ ਉਤਰੇਗਾ। ਦੂਜੇ ਪਾਸੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਵੀ ਐਸਐਸਪੀ ਤੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ‘ਚ ਐਸ ਐਚ ਓ ਧਨੌਲਾ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇ ਤੇ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ ਮਾਮਲੇ ਚ ਐਸਐਚਓ ਧਨੌਲਾ ‘ਤੇ ਸਿੱਧੀ ਉਂਗਲ ਉੱਠਣ ਤੋਂ ਬਾਅਦ ਵੀ ਐਸਐਸਪੀ ਬਰਨਾਲਾ ਵੱਲੋਂ ਕੋਈ ਨੋਟਿਸ ਨਹੀਂ ਲਿਆ ਗਿਆ।