ਬਰਨਾਲਾ, 6 ਅਗਸਤ, (ਨਿਰਮਲ ਸਿੰਘ ਪੰਡੋਰੀ)-
–ਖੇਡਾਂ ਦੇ ਖੇਤਰ ਵਿੱਚ ਬਰਨਾਲਾ ਦੇ ਚਾਰ ਗੱਭਰੂਆਂ ਨੇ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਬਰਨਾਲਾ ਜ਼ਿਲ੍ਹੇ ਦਾ ਨਾਮ ਪੰਜਾਬ ‘ਚ ਰੌਸ਼ਨ ਕੀਤਾ ਹੈ। ਬਰਨਾਲਾ ਦੇ ਚਾਰ ਨੌਜਵਾਨਾਂ ਨੇ ਜੂਨੀਅਰ ਕਿੱਕ ਬਾਕਸਿੰਗ ਵਿੱਚ ਸੂਬਾ ਪੱਧਰ ‘ਤੇ ਸੋਨੇ ਅਤੇ ਚਾਂਦੀ ਦੇ ਮੈਡਲ ਜਿੱਤ ਕੇ ਬੱਲੇ ਬੱਲੇ ਕਰਵਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਚ ਮਨਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਈ 22ਵੀਂ ਸੂਬਾ ਪੱਧਰੀ ਪੰਜਾਬ ਜੂਨੀਅਰ ਕਿੱਕ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਬਰਨਾਲਾ ਦੇ ਉਮਕੇਸ਼ ਮਿੱਤਲ ਨੇ 91 ਕਿਲੋਗ੍ਰਾਮ ਵਰਗ ਸ਼੍ਰੇਣੀ ਵਿੱਚ ਸੋਨੇ ਦਾ ਮੈਡਲ, ਖੁਸ਼ਪ੍ਰੀਤ ਸਿੰਘ ਨੇ 74 ਕਿਲੋਗ੍ਰਾਮ ਵਰਗ ਸ਼੍ਰੇਣੀ ਵਿੱਚ ਸੋਨੇ ਦਾ ਮੈਡਲ, ਇਸ਼ਮੀਤ ਖੁਰਮੀ ਨੇ 92 ਕਿਲੋਗ੍ਰਾਮ ਵਰਗ ਸ੍ਰੇਣੀ ਵਿੱਚ ਚਾਂਦੀ ਦਾ ਮੈਡਲ ਅਤੇ ਅੰਸਵੀਰ ਸਿੰਘ ਨੇ 71 ਕਿਲੋਗ੍ਰਾਮ ਸ਼੍ਰੇਣੀ ਵਿੱਚ ਤਾਂਬੇ ਦਾ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਇਹਨਾਂ ਚੋਬਰਾਂ ਨੇ ਜੂਨੀਅਰ ਵਰਗ ਵਿੱਚ ਇਹ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹਨਾਂ ਦੇ ਜਜ਼ਬੇ ਨੂੰ ਵੇਖਦੇ ਹੋਏ ਸਪੱਸ਼ਟ ਹੈ ਕਿ ਇਸ ਸੀਨੀਅਰ ਵਰਗ ਵਿੱਚ ਵੀ ਕਿੱਕ ਬਾਕਸਿੰਗ ਦੇ ਖੇਤਰ ‘ਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਵਾਉਣਗੇ।