ਬਰਨਾਲਾ, 4 ਅਗਸਤ (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਦੇ ਕੁਝ ਹੋਟਲਾਂ ਦੇ ਕਮਰਿਆਂ ‘ਚ ਦੇਹ ਵਪਾਰ ਦੇ ਗੋਰਖਧੰਦੇ ਦੀਆ ਖ਼ਬਰਾਂ ਦੇ ਦੌਰਾਨ ਕੁਝ ਨਿਹੰਗ ਸਿੰਘਾਂ ਨੇ ਇੱਕ ਮੁਹੱਲੇ ਦੇ ਇੱਕ ਘਰ ਵਿੱਚ ਸ਼ਰੇਆਮ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਬੰਦ ਕਰਵਾਇਆ। ਜਿਸ ਵੇਲੇ ਨਿਹੰਗ ਸਿੰਘਾਂ ਨੇ ਇਸ ਘਰ ਵਿੱਚ ਛਾਪਾ ਮਾਰਿਆ ਉਸ ਵੇਲੇ ਵੀ ਇੱਥੇ ਇੱਕ ਪ੍ਰੇਮੀ ਜੋੜਾ ਆਇਆ ਹੋਇਆ ਸੀ। ਇਸ ਸਬੰਧੀ ਇੱਕ ਵੀਡੀਓ ਵੀ ਬਣੀ ਹੈ ਜਿਸ ਵਿੱਚ ਸਾਫ਼ ਤੌਰ ‘ਤੇ ਵੇਖਿਆ ਜਾ ਰਿਹਾ ਹੈ ਕਿ ਕੁਝ ਨਿਹੰਗ ਸਿੰਘ ਇੱਕ ਕਰਿਆਨੇ ਦੀ ਦੁਕਾਨ ‘ਤੇ ਵੀਡੀਓ ਬਣਾਉਂਦੇ ਹੋਏ ਜਾਂਦੇ ਹਨ ਅਤੇ ਉੱਥੇ ਹਾਜ਼ਰ ਦੋ ਔਰਤਾਂ ਨੂੰ ਗ਼ਲਤ ਕੰਮ ਬੰਦ ਕਰਨ ਲਈ ਕਹਿੰਦੇ ਹਨ । ਇਸ ਦੌਰਾਨ ਦੋਵੇਂ ਔਰਤਾਂ ਅਤੇ ਨਿਹੰਗ ਸਿੰਘਾਂ ਦੀ ਬਹਿਸਬਾਜ਼ੀ ਵੀ ਹੁੰਦੀ ਹੈ। ਵੀਡੀਓ ਕਲਿੱਪ ਵਿੱਚ ਸਾਫ਼ ਤੌਰ ‘ਤੇ ਵੇਖਿਆ ਜਾ ਰਿਹਾ ਹੈ ਕਿ ਔਰਤ ਨਿਹੰਗ ਸਿੰਘਾਂ ਦੇ ਹੱਥ ਜੋੜ ਦੀ ਤਰਲੇ ਪਾਉਂਦੀ ਹੈ ਕਿ ਉਹ ਅੱਗੇ ਤੋਂ ਇਹ ਕੰਮ ਨਹੀਂ ਕਰਵਾਏਗੀ ਅੱਜ ਉਸ ਨੂੰ ਛੱਡ ਦਿੱਤਾ ਜਾਵੇ, ਉਸ ਨੂੰ ਮਾਫ਼ ਕਰ ਦਿੱਤਾ ਜਾਵੇ। ਇਸ ਵੀਡੀਓ ਦਾ ਕੁਝ ਭਾਗ ਹੀ ਵਾਇਰਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਦੇ ਕੁਝ ਹੋਟਲਾਂ ਅਤੇ ਕੁਝ ਮੁਹੱਲਿਆਂ ਚ ਦੇਹ ਵਪਾਰ ਦਾ ਸ਼ਰੇਆਮ ਆਮ ਚੱਲ ਰਹੇ ਧੰਦੇ ਸਬੰਧੀ ਅਦਾਰਾ Gee98 news ਅਤੇ ਰੋਜ਼ਾਨਾ ਪਹਿਰੇਦਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਪ੍ਰਮੁੱਖਤਾ ਨਾਲ ਤੱਥਾਂ ਸਮੇਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਪਰੰਤੂ ਇਸ ਦੇ ਬਾਵਜੂਦ ਵੀ ਪੁਲਿਸ ਨੇ ਦੇਹ ਵਪਾਰ ਦੇ ਇਹਨਾਂ ਅੱਡਿਆਂ ਨੂੰ ਬੰਦ ਕਰਵਾਉਣ ਸੰਬੰਧੀ ਸੁਹਿਰਦਤਾ ਨਹੀਂ ਦਿਖਾਈ। ਇਨ੍ਹਾਂ ਦੇਹ ਵਪਾਰ ਦੇ ਅੱਡਿਆਂ ਨੂੰ ਲੱਭਣ ਅਤੇ ਬੰਦ ਕਰਵਾਉਣ ਵਿੱਚ ਬਰਨਾਲਾ ਪੁਲਿਸ ਦੇ ਗੁਪਤ ਸੂਤਰ ਅਤੇ ਸੀਆਈਡੀ ਵਿੰਗ ਵੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ ਕਿਉਂਕਿ ਲਗਾਤਾਰ ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਸ਼ਹਿਰ ਵਿੱਚ ਇਹਨਾਂ ਦੇਹ ਵਪਾਰ ਦੇ ਅੱਡਿਆਂ ਦੀ ਚਰਚਾ ਹੋ ਰਹੀ ਹੈ ਪਰ ਪੁਲਿਸ ਵੱਲੋਂ ਇਹਨਾਂ ਨੂੰ ਬੰਦ ਕਰਵਾਉਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਦੇਹ ਵਪਾਰ ਦੇ ਅੱਡੇ ਨੂੰ ਛਾਪਾ ਮਾਰ ਕੇ ਨਿਹੰਗ ਸਿੰਘਾਂ ਨੇ ਬੰਦ ਕਰਵਾਇਆ ਉਸ ਮਾਮਲੇ ‘ਚ ਲੋਕ ਸ਼ਰੇਆਮ ਇਹ ਆਖ ਰਹੇ ਹਨ ਕਿ ਉਸਦੀ ਸੰਚਾਲਕ ਔਰਤ ਨੂੰ ਇੱਕ ਅਜਿਹੇ ਆਗੂ ਦਾ “ਅਸ਼ੀਰਵਾਦ” ਪ੍ਰਾਪਤ ਹੈ ਜਿਹੜਾ ਸਥਾਨਕ ਸੱਤਾਧਾਰੀ ਆਗੂਆਂ ਨਾਲ ਨਿੱਜੀ ਨੇੜਤਾ ਦਾ ਦਾਅਵਾ ਕਰ ਰਿਹਾ ਹੈ।
ਇੱਥੇ ਇਹ ਵੀ ਦੱਸ ਦੇਈਏ ਕਿ ਇਸ ਮੁਹੱਲੇ ਦੇ ਕੁਝ ਇੱਜ਼ਤਦਾਰ ਲੋਕਾਂ ਨੇ ਇਹ ਮਾਮਲਾ ਪਹਿਲਾਂ ਵੀ ਕਈ ਵਾਰ ਪੁਲਿਸ ਅਧਿਕਾਰੀਆਂ ਤੇ ਸਥਾਨਕ ਸੱਤਾਧਾਰੀ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਬਾਅਦ ਹਾਰ ਹੰਭ ਕੇ ਮੁਹੱਲੇ ਦੇ ਕੁਝ ਲੋਕਾਂ ਨੇ ਨਿਹੰਗ ਸਿੰਘਾਂ ਦੇ ਨਾਲ ਸੰਪਰਕ ਕੀਤਾ ਅਤੇ ਨਿਹੰਗ ਸਿੰਘਾਂ ਨੇ ਇਸ ਅੱਡੇ ਨੂੰ ਬੰਦ ਕਰਵਾਉਣ ਸਬੰਧੀ ਕਾਰਵਾਈ ਕੀਤੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਰੇਆਮ ਚੱਲ ਰਹੇ ਗ਼ੈਰ ਸਮਾਜਿਕ ਧੰਦੇ ਦਾ ਉਹਨਾਂ ਦੀਆਂ ਧੀਆਂ ਭੈਣਾਂ ‘ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਅਤੇ ਉਹ ਬੇਵੱਸ ਤੇ ਲਾਚਾਰ ਮਹਿਸੂਸ ਕਰ ਰਹੇ ਸਨ ਕਿਉਂਕਿ ਇਹਨਾਂ ਲੋਕਾਂ ਨੂੰ ਕਿਸੇ ਆਗੂ ਦਾ ਆਸ਼ੀਰਵਾਦ ਸੀ ਜਿਸ ਕਰਕੇ ਪੁਲਿਸ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਸੀ। ਬਹਰਹਾਲ ! ਦੇਹ ਵਪਾਰ ਦੇ ਉਕਤ ਅੱਡੇ ਦਾ ਭਾਂਡਾ ਫੁੱਟਣ ਤੋਂ ਬਾਅਦ ਲੋਕ ਇਹ ਉਮੀਦ ਕਰ ਸਕਦੇ ਹਨ ਕਿ ਪੁਲਿਸ ਸ਼ਹਿਰ ਵਿੱਚ ਚੱਲ ਰਹੇ ਦੇਹ ਵਪਾਰ ਦੇ ਹੋਰ ਅੱਡਿਆਂ ਨੂੰ ਬੰਦ ਕਰਵਾਉਣ ਸਬੰਧੀ ਸਰਗਰਮ ਹੋਵੇਗੀ ਜਾਂ ਫਿਰ ਇਹਨਾਂ ਅੱਡਿਆਂ ਦੇ ਖ਼ਿਲਾਫ਼ ਨਿਹੰਗ ਸਿੰਘਾਂ ਤੇ ਜਨਤਕ ਜਥੇਬੰਦੀਆਂ ਨੂੰ ਝੰਡਾ ਚੁੱਕਣਾ ਪਵੇਗਾ।