ਚੰਡੀਗੜ੍ਹ,29 ਜਨਵਰੀ, Gee98 News service
-ਅਮਰੀਕਾ ਵੱਲੋਂ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਮੁਹਿੰਮ ਤੋਂ ਬਾਅਦ ਹੁਣ ਕੈਨੇਡਾ ‘ਚੋਂ ਵੀ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। ਕੈਨੇਡਾ ਦੀ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਢੱਲਾ ਨੇ ਕਿਹਾ ਕਿ ਜੇ ਉਹ ਜਸਟਿਨ ਟਰੂਡੋ ਦੀ ਜਗ੍ਹਾ ਮੁਲਕ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਕੈਨੇਡਾ ਵਿੱਚੋਂ ਸਾਰੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦੇਣਗੇ। ਦੱਸ ਦੇਈਏ ਕਿ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਰੂਬੀ ਢੱਲਾ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਿਲ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਜ਼ੋਰ ਸ਼ੋਰ ਨਾਲ ਆਪਣੀ ਮੁਹਿੰਮ ਚਲਾ ਰਹੀ ਹੈ। ਆਪਣੇ ਇੱਕ ਵੀਡੀਓ ਕਲਿੱਪ ਦੇ ਵਿੱਚ ਰੂਬੀ ਢੱਲਾ ਨੇ ਕੈਨੇਡਾ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇਗੀ ਤਾਂ ਉਹ ਹਰ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦੇਵੇਗੀ। ਰੂਬੀ ਢੱਲਾ ਨੇ ਕਿਹਾ “ਕੈਨੇਡਾ ਵਿੱਚ 5 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹਨ, ਇਹ ਅਸਵੀਕਾਰਨਯੋਗ ਹੈ। ਪ੍ਰਵਾਸੀ ਮਾਪਿਆਂ ਦੀ ਧੀ ਹੋਣ ਦੇ ਨਾਤੇ ਮੈਂ ਖੁਦ ਜਾਣਦੀ ਹਾਂ ਕਿ ਪ੍ਰਵਾਸੀਆਂ ਨੇ ਸਾਡੇ ਮਹਾਨ ਦੇਸ਼ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ। ਪਰ ਸਾਨੂੰ ਮਨੁੱਖੀ ਤਸਕਰੀ ਅਤੇ ਇਥੇ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਵਾਅਦਾ ਕਰਦੀ ਹਾਂ ਕਿ ਤੁਹਾਡੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਂ ਕੈਨੇਡਾ ਵਿੱਚ ਹਰ ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਾਂਗੀ। ਰੂਬੀ ਢੱਲਾ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ਵਾਂਗ ਕੈਨੇਡਾ ‘ਚ ਵਸਦੇ ਗ਼ੈਰ ਕਾਨੂੰਨੀ ਪ੍ਰਵਾਸੀਆਂ ‘ਚ ਤਰਥੱਲੀ ਮੱਚੀ ਹੋਈ ਹੈ। ਰੂਬੀ ਢੱਲਾ ਦੇ ਬਿਆਨ ਤੋਂ ਬਾਅਦ ਚਰਚਾ ਇਹ ਵੀ ਹੋ ਰਹੀ ਹੈ ਕਿ ਭਾਵੇਂ ਰੂਬੀ ਢੱਲਾ ਮੁਲਕ ਦੀ ਪ੍ਰਧਾਨ ਮੰਤਰੀ ਨਾ ਵੀ ਬਣੇ ਤਾਂ ਵੀ ਕੈਨੇਡਾ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿੱਚ ਸਖ਼ਤੀ ਕਰ ਸਕਦਾ ਹੈ। ਕੈਨੇਡਾ ਵਿੱਚ ਹੁਣ ਤੱਕ ਪੈਦਾ ਹੋਏ ਇਹਨਾਂ ਹਾਲਾਤਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀਆਂ ਨੂੰ ਹੀ ਕੀਤਾ ਹੈ ਅਤੇ ਜੇਕਰ ਕੈਨੇਡਾ ਗ਼ੈਰ ਕਾਨੂੰਨੀ ਪ੍ਰਵਾਸੀਆਂ ‘ਤੇ ਕਾਰਵਾਈ ਕਰਦਾ ਹੈ ਤਾਂ ਪੰਜਾਬੀ ਵੀ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ।