ਚੰਡੀਗੜ੍ਹ,12 ਜਨਵਰੀ, Gee98 news service
ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਪੰਜਾਬ ਇਕਾਈ ਅਤੇ ਦਿੱਲੀ ਹਾਈ ਕਮਾਂਡ ਵਿੱਚ ਖਿੱਚੋਤਾਣ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ, ਆਮ ਆਦਮੀ ਪਾਰਟੀ ਦੀ ਇਸੇ ਖਿੱਚੋਤਾਣ ਦੀ ਬਦੌਲਤ ਪੰਜਾਬ ਦੇ ਵਿੱਚ ਕਈ ਮਹੱਤਵਪੂਰਨ ਅਹੁਦਿਆਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ਵਾਸਪਾਤਰਾਂ ਨੂੰ ਫਾਰਗ ਕਰ ਦਿੱਤਾ ਗਿਆ ਜਾਂ ਫਿਰ ਅਹੁਦੇ ਛੱਡਣ ਲਈ ਮਜ਼ਬੂਰ ਕੀਤਾ ਗਿਆ ਹੈ। ਅਜਿਹਾ ਇੱਕ ਤਾਜ਼ਾ ਘਟਨਾਕ੍ਰਮ ਸਾਹਮਣੇ ਆਇਆ ਜਿਸ ਤਹਿਤ ‘ਪੰਜਾਬ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ’ ਦੇ ਚੇਅਰਮੈਨ ਸਤਿੰਦਰ ਸਿੰਘ ਚੱਠਾ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਸਤਿੰਦਰ ਸਿੰਘ ਚੱਠਾ ਨੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾਈ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਚੱਠਾ ਨੇ ਅਸਤੀਫ਼ਾ ਦੇਣ ਤੋਂ ਬਾਅਦ ਜਿਹੜੀਆਂ ਗੱਲਾਂ ਆਖੀਆਂ ਉਹ ਸਾਫ਼ ਜ਼ਾਹਿਰ ਕਰਦੀਆਂ ਹਨ ਕਿ ਆਮ ਆਦਮੀ ਪਾਰਟੀ ‘ਚ ਦੋ ਧੜੇ ਬਕਾਇਦਾ ਬਣ ਚੁੱਕੇ ਹਨ ਅਤੇ ਦੋਵਾਂ ਦੀ ਖਿੱਚੋਤਾਣ ਪੂਰੇ ਸਿਖਰਾਂ ‘ਤੇ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਹਾਈਕਮਾਂਡ ਦੇ ਧੜੇ ਵੱਲੋਂ ਪੰਜਾਬ ਦੇ ਮਹੱਤਵਪੂਰਨ ਅਹੁਦਿਆਂ ਉੱਪਰ ਆਪਣੇ ਵਿਸ਼ਵਾਸਪਾਤਰਾਂ ਨੂੰ ਲਗਾਉਣ ਲਈ ਪਹਿਲਾਂ ਤੋਂ ਲੱਗੇ ਭਗਵੰਤ ਮਾਨ ਦੇ ਵਿਸ਼ਵਾਸਪਾਤਰਾਂ ਨੂੰ ਪਾਸੇ ਕੀਤਾ ਜਾ ਰਿਹਾ ਹੈ ਜਾਂ ਫਿਰ ਹਾਲਾਤ ਇਹੋ ਜਿਹੇ ਪੈਦਾ ਕੀਤੇ ਜਾ ਰਹੇ ਹਨ ਕਿ ਇਹਨਾਂ ਮਹੱਤਵਪੂਰਨ ਅਹੁਦਿਆਂ ਤੋਂ ਭਗਵੰਤ ਮਾਨ ਦੇ ਵਿਸ਼ਵਾਸਪਾਤਰ ਅਸਤੀਫ਼ੇ ਦੇ ਰਹੇ ਹਨ। ਸ੍ਰੀ ਚੱਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਕਨਵੇਅਰ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇਣ ਬਾਰੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਵੱਲੋਂ ਪੰਜਾਬ ਦੇ ਮਸਲਿਆਂ ਵਿੱਚ ਕੀਤੀ ਜਾ ਰਹੀ ਦਖਲਅੰਦਾਜ਼ੀ ਅਤੇ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ‘ਪੰਜਾਬ ਕਨਵੇਅਰ’ ਦੀ ਚੇਅਰਮੈਨਸ਼ਿਪ ਸਮੇਤ ਆਮ ਆਦਮੀ ਪਾਰਟੀ ਟਰੇਡ ਵਿੰਗ ਦੇ ਸੂਬਾਈ ਆਹੁੱਦੇਦਾਰੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਏ ਹਨ। ਦੱਸਣਯੋਗ ਹੈ ਕਿ ਸਤਿੰਦਰ ਸਿੰਘ ਚੱਠਾ ਐੱਫ.ਸੀ.ਆਈ. ਮੁਲਾਜ਼ਮਾਂ ਦੀ ਜੱਥੇਬੰਦੀ ਦੇ ਕੌਮੀ ਪ੍ਰਧਾਨ ਵੱਜੋਂ ਸੇਵਾ ਨਿਭਾ ਰਹੇ ਹਨ ਅਤੇ ਧੂਰੀ ਹਲਕੇ ਵਿੱਚ ਧੂਰੀ ਮੁੱਖ ਮੰਤਰੀ ਦੀ ਟੀਮ ਦੇ ਮੋਹਰੀ ਆਗੂਆਂ ਵਿੱਚੋਂ ਗਿਣੇ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ਵਾਸ਼ਪਾਤਰਾਂ ਵਿੱਚ ਗਿਣੇ ਜਾਂਦੇ ਸ੍ਰੀ ਚੱਠਾ ਇੱਕ ਸਮਾਜ ਸੇਵੀ ਅਤੇ ਇਮਾਨਦਾਰੀ ਆਗੂ ਦੇ ਤੌਰ ‘ਤੇ ਜਾਣਿਆ ਜਾਂਦਾ ਹੈ।