ਚੰਡੀਗੜ੍ਹ,12 ਜਨਵਰੀ, Gee98 news service
ਪੁਲਿਸ ਦੀ ਵਰਦੀ ਪਾ ਕੇ ਆਮ ਲੋਕਾਂ ‘ਤੇ ਸ਼ਰੇਬਾਜ਼ਾਰ ਰੋਹਬ ਝਾੜਨ ਵਾਲਾ ਤੇ ਲੋਕਾਂ ਦੀ ਚੈਕਿੰਗ ਕਰਨ ਵਾਲਾ ਇੱਕ ਨਕਲੀ ਸਬ ਇੰਸਪੈਕਟਰ ਸੂਚਨਾ ਦੇ ਆਧਾਰ ‘ਤੇ ਅਸਲੀ ਪੁਲਿਸ ਨੇ ਕਾਬੂ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਲੀ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ (ਜਿਸ ਨੇ ਸਬ-ਇੰਸਪੈਕਟਰ ਦੀ ਵਰਦੀ ਪਹਿਨੀ ਹੋਈ ਹੈ) ਫੇਜ਼-3ਬੀ2 ਦੀ ਮਾਰਕੀਟ ਵਿਚ ਆਮ ਲੋਕਾਂ ਦੀ ਚੈਕਿੰਗ ਕਰ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ASP ਸਿਟੀ-1 ਜੈਅੰਤ ਪੁਰੀ ਨੇ ਦੱਸਿਆ ਕਿ ਪੁਲਿਸ ਦੀ ਇਕ ਟੀਮ ਤੁਰੰਤ ਮਾਰਕੀਟ ਵਿਖੇ ਗਈ, ਜਿਥੇ ਉਨ੍ਹਾਂ ਦੇਖਿਆ ਕਿ ਉਕਤ ਵਿਅਕਤੀ (ਜਿਸ ਨੇ ਸਬ-ਇੰਸਪੈਕਟਰ ਦੀ ਵਰਦੀ ਪਹਿਨੀ ਹੋਈ ਹੈ) ਲੋਕਾਂ ਨਾਲ ਗਾਲੀ-ਗਲੋਚ ਕਰ ਰਿਹਾ ਸੀ ਅਤੇ ਆਪਣੀ ਵਰਦੀ ਦਾ ਰੋਹਬ ਝਾੜ ਰਿਹਾ ਸੀ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਟੀਮ ਨੇ ਉਕਤ ਵਰਦੀਧਾਰੀ ਸਬ-ਇੰਸਪੈਕਟਰ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਹ ਪੰਜਾਬ ਪੁਲਿਸ ਦਾ ਕਰਮਚਾਰੀ ਨਹੀਂ ਹੈ ਅਤੇ ਸਬ-ਇੰਸਪੈਕਟਰ ਦੀ ਵਰਦੀ ਪਾ ਕੇ ਸਿਰਫ਼ ਲੋਕਾਂ ‘ਤੇ ਰੋਹਬ ਝਾੜ ਰਿਹਾ ਸੀ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਜਾਅਲੀ ਸਬ-ਇੰਸਪੈਕਟਰ ਨੂੰ ਕਾਬੂ ਕਰਕੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ,ਜਿਸ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ।