ਚੰਡੀਗੜ੍ਹ,9 ਜਨਵਰੀ, Gee98 news service
-ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਸਮੇਂ ‘ਚ 1419 ਆਂਗਣਵਾੜੀ ਸੈਂਟਰਾਂ ਦੀ ਉਸਾਰੀ ਕੀਤੀ ਜਾਵੇਗੀ ਅਤੇ 3000 ਨਵੇਂ ਆਂਗਣਵਾੜੀ ਵਰਕਰ ਤੇ ਹੈਲਪਰ ਭਰਤੀ ਕੀਤੇ ਜਾਣਗੇ। ਸੂਬੇ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੂਬੇ ਦੀਆਂ ਔਰਤਾਂ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਵੇਂ ਆਂਗਣਵਾੜੀ ਸੈਂਟਰਾਂ ਦਾ ਨਿਰਮਾਣ, ਮੌਜੂਦਾ ਆਂਗਣਵਾੜੀ ਸੈਂਟਰਾਂ ਨੂੰ ਅਪਗ੍ਰੇਡ ਕਰਨਾ, ਸੈਨੀਟੇਸ਼ਨ ਸੁਵਿਧਾਵਾਂ ਦੇ ਪ੍ਰਬੰਧ ਅਤੇ ਆਂਗਣਵਾੜੀ ਸੈਂਟਰਾਂ ਵਿਚ ਫਰਨੀਚਰ ਆਦਿ ਦੀ ਵਿਵਸਥਾ ਕਰਨਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਬਾਲਾ ਪ੍ਰਿਟਿੰਗ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸਿਰਫ਼ ਆਂਗਣਵਾੜੀ ਸੈਂਟਰਾਂ ਦੀ ਉਸਾਰੀ ਕਰਨਾ ਨਹੀਂ ਹੈ, ਇਹ ਪ੍ਰਾਜੈਕਟ ਬੱਚਿਆਂ ਦੇ ਸਰੀਰਕ, ਬੋਧਾਤਮਕ ਅਤੇ ਭਾਵਨਾਤਮਕ ਵਿਕਾਸ ਲਈ ਅਨੁਕੂਲ ਵਾਤਾਵਰਨ ਬਣਾਉਣ ਦੀ ਪਹਿਲਕਦਮੀ ਕਰਨਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲੇ ਪੜਾਅ ਵਿਚ 1000 ਆਂਗਣਵਾੜੀ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ 56 ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ 644 ਉਸਾਰੀ ਅਧੀਨ ਹਨ। ਇਸ ਤੋਂ ਇਲਾਵਾ ਬਾਕੀ 300 ਆਂਗਣਵਾੜੀ ਸੈਂਟਰਾਂ ਵਿਚੋਂ 156 ਆਂਗਣਵਾੜੀ ਸੈਂਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਨ੍ਹਾਂ ਦਾ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਮੌਜੂਦਾ 350 ਆਂਗਣਵਾੜੀ ਕੇਂਦਰਾਂ ਨੂੰ ਅਪਗ੍ਰੇਡ ਕਰ ਰਹੀ ਹੈ। ਇਨ੍ਹਾਂ ਲਈ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ 2162 ਨਵੇਂ ਟਾਇਲਟਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਲਈ ਸਰਕਾਰ ਵੱਲੋ 7.78 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸੇ ਤਰ੍ਹਾਂ ਹੀ 353 ਆਂਗਣਵਾੜੀ ਸੈਂਟਰਾਂ ਵਿਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 35.30 ਲੱਖ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਮੰਤਰੀ ਨੇ ਕਿਹਾ ਕਿ ਮੋਗਾ ਅਤੇ ਫਿਰੋਜ਼ਪੁਰ ਵਿਚ 100 ਆਂਗਣਵਾੜੀ ਸੈਂਟਰਾਂ ਨੂੰ “ਸਕਸ਼ਮ ਆਂਗਨਵਾੜੀ ਸੈਂਟਰਾਂ” ਵਿਚ ਤਬਦੀਲ ਕੀਤਾ ਜਾਵੇਗਾ। ਇਸ ਲਈ ਕੁੱਲ 94.80 ਲੱਖ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਸ ਅਧੀਨ ਬੁਨਿਆਦੀ ਢਾਂਚਾ ਅਪਗ੍ਰੇਡ ਕਰਨਾ, ਆਰਓ ਯੂਨਿਟ, ਐੱਲਈਡੀ, ਫਰਨੀਚਰ ਅਤੇ ਪੋਸ਼ਣ ਵਾਟਿਕਾ ਵੀ ਲਗਾਈ ਜਾਵੇਗੀ। ਆਈਸੀਡੀਐੱਸ ਪ੍ਰੋਗਰਾਮ 1975 ਬਲਾਕ ਨੂਰਪੁਰ ਬੇਦੀ (ਰੂਪਨਗਰ) ਤੋਂ ਸ਼ੁਰੂ ਹੋਇਆ ਸੀ, ਇਸ ਸਕੀਮ ਨੂੰ 50 ਸਾਲ ਮੁਕੰਮਲ ਹੋਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ 21,851 ਆਂਗਣਵਾੜੀ ਸੈਂਟਰਾਂ ਲਈ 21.85 ਕਰੋੜ ਰੁਪਏ ਫਰਨੀਚਰ ਲਈ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ 3000 ਆਂਗਣਵਾੜੀ ਵਰਕਰ ਅਤੇ ਹੈਲਪਰ ਭਰਤੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਨਿਰੋਲ ਮੈਰਿਟ ‘ਤੇ 5000 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਕੀਤੀ ਗਈ ਸੀ।