ਚੰਡੀਗੜ੍ਹ, 9 ਜਨਵਰੀ, Gee98 news service
-ਡੇਰਾ ਰਾਧਾ ਸੁਆਮੀ ਬਿਆਸ ਪ੍ਰਬੰਧਕ ਕਮੇਟੀ ਨੇ ਆਪਣੀ ਸ਼ਰਧਾਲੂ ਸੰਗਤ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਕੀਤਾ ਹੈ। ਡੇਰੇ ਵੱਲੋਂ ਸੰਗਤ ਨੂੰ ਵਰਗ ਵਿਸ਼ੇਸ਼ ਵਿੱਚ ਵੰਡਣ ਵਾਲੀ ਯੋਜਨਾ ਰੱਦ ਕਰ ਦਿੱਤੀ ਗਈ ਹੈ। ਹੁਣ ਡੇਰੇ ਵਿਚ VIP ਕਲਚਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਕਿਸੇ ਨੂੰ ਵੀ ਸਤਸੰਗ ਸਮੇਂ VIP ਪਾਸ ਜਾਰੀ ਨਹੀਂ ਕੀਤੇ ਜਾਣਗੇ। ਸੂਤਰਾਂ ਅਨੁਸਾਰ, ਸਤਿਸੰਗ ਦੌਰਾਨ ਪਹਿਲਾਂ ਜਾਰੀ ਕੀਤੇ ਜਾਣ ਵਾਲੇ VIP ਪਾਸ ਹੁਣ ਡੇਰਾ ਮੁਖੀ ਦੇ ਫੈਸਲੇ ਅਨੁਸਾਰ ਰੱਦ ਕਰ ਦਿੱਤੇ ਗਏ ਹਨ। ਡੇਰੇ ਵੱਲੋਂ ਇਸ ਨੂੰ ਬਰਾਬਰੀ ਦੀ ਮਿਸਾਲ ਕਹਿੰਦੇ ਹੋਏ ਦੱਸਿਆ ਗਿਆ ਹੈ ਕਿ ਹੁਣ ਹਰ ਸੰਗਤ ਇੱਕੋ ਜਿਹੀ ਹੋਵੇਗੀ ਅਤੇ ਕੋਈ ਵੀ ਵਿਸ਼ੇਸ਼ ਵਰਗ ਦੀ ਪ੍ਰਥਾ ਨਹੀਂ ਰਹੇਗੀ। ਜਿਹੜੀਆਂ ਥਾਵਾਂ ਪਹਿਲਾਂ VIP ਲਈ ਖਾਸ ਰੱਖੀਆਂ ਜਾਂਦੀਆਂ ਸਨ, ਹੁਣ ਉੱਥੇ ਹਰ ਸ਼ਰਧਾਲੂ ਇਕਸਾਰ ਬੈਠ ਸਕੇਗਾ। ਡੇਰੇ ਦੇ ਇਸ ਫੈਸਲੇ ਨਾਲ ਸ਼ਰਧਾਲੂਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਡੇਰੇ ਦੀ ਸਮਾਨਤਾ ਦੀ ਮਿਸਾਲ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਗੁਰੂਆਂ ਦੀ ਧਰਤੀ ਪੰਜਾਬ ‘ਚ ਕੁਝ ਅਜਿਹੇ ਡੇਰੇ ਵੀ ਹਨ ਜਿੱਥੇ ਜਨਰਲ ਅਤੇ ਰਿਜ਼ਰਵ ਸ਼੍ਰੇਣੀਆਂ ਲਈ ਵੱਖੋ ਵੱਖਰੇ ਲੰਗਰਾਂ ਦਾ ਪ੍ਰਬੰਧ ਹੈ, ਇਸ ਦੇ ਬਾਵਜੂਦ ਵੀ ਇਹਨਾਂ ਡੇਰਿਆਂ ਦੇ ਪ੍ਰਬੰਧਕ ਆਪਣੇ ਆਪ ਨੂੰ ਧਰਮ ਦੇ ਵੱਡੇ ਠੇਕੇਦਾਰਾਂ ਦੀ ਸ਼੍ਰੇਣੀ ਵਿੱਚ ਰੱਖ ਰਹੇ ਹਨ। ਬਹਰਹਾਲ ! ਅਜਿਹੇ ਹਾਲਾਤਾਂ ‘ਚ ਡੇਰਾ ਰਾਧਾ ਸੁਆਮੀ ਬਿਆਸ ਦੇ ਉਕਤ ਫੈਸਲੇ ਨੂੰ ਸ਼ਲਾਘਾਯੋਗ ਮੰਨਿਆ ਜਾ ਰਿਹਾ ਹੈ।