ਚੰਡੀਗੜ੍ਹ,13 ਦਸੰਬਰ, Gee98 news service
-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਉੱਪਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਏ ਹਮਲੇ ਨੂੰ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਦਾ ਮੁੱਦਾ ਹੀ ਨਹੀਂ ਮੰਨ ਰਹੀ। ਸੁਖਬੀਰ ਬਾਦਲ ‘ਤੇ ਹੋਏ ਹਮਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸੁਖਬੀਰ ‘ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਵਿਅਕਤੀ ਕੋਈ ਆਮ ਨਾਗਰਿਕ ਨਹੀਂ ਸੀ ਜਿਸਨੇ ਧਾਰਮਿਕ ਭਾਵਨਾਵਾਂ ਦੇ ਵਹਿਣ ਵਿੱਚ ਆ ਕੇ ਹਮਲਾ ਕੀਤਾ ਹੋਵੇ ਸਗੋਂ ਹਮਲਾਵਰ ਨਰਾਇਣ ਸਿੰਘ ਚੌੜਾ ਭਰ ਜਵਾਨੀ ਤੋਂ ਲੈ ਕੇ ਖਾੜਕੂ ਵਿਧੀਆਂ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਸਨੇ ਪਾਕਿਸਤਾਨ ਜਾ ਕੇ ਟ੍ਰੇਨਿੰਗ ਲੈਣ ਸਮੇਤ 1984 ਤੋਂ ਲੈ ਕੇ ਸਰਹੱਦ ਪਾਰ ਤੋਂ ਹਥਿਆਰਾਂ ਦੀ ਵੱਡੀ ਪੱਧਰ ‘ਤੇ ਤਸਕਰੀ ਕਰਨ ਦੇ ਦੋਸ਼ ਵੀ ਹਨ। ਦੂਜੇ ਪਾਸੇ ਇਸ ਮਾਮਲੇ ‘ਚ ਅਕਾਲੀ ਦਲ ਵੱਲੋਂ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ‘ਤੇ ਵੀ ਸਿੱਧੇ ਸਵਾਲ ਚੁੱਕੇ ਜਾ ਰਹੇ ਹਨ। ਇੱਥੇ ਇਹ ਵੀ ਧਿਆਨਦੇਣ ਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਜੈੱਡ ਪਲੱਸ ਸੁਰੱਖਿਆ ਪ੍ਰਾਪਤ ਹੈ ਅਤੇ ਇਹ ਹਮਲਾ ਹੋਇਆ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਹੋਇਆ ਹੈ। ਅਜਿਹੇ ਹਾਲਾਤਾਂ ‘ਚ ਪੰਜਾਬ ਦੇ ਮੁਖੀ ਵੱਲੋਂ ਇਸ ਹਮਲੇ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਤੋਂ ਦੂਰ ਰੱਖਣਾ ਸਭ ਤੋਂ ਪਰ੍ਹੇ ਹੈ।