ਚੰਡੀਗੜ੍ਹ,13 ਦਸੰਬਰ, Gee98 news service
-ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਦਰਜ ਹੋਇਆ ਰੇਪ ਅਤੇ ਬਲਾਤਕਾਰ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮ੍ਰਿਤਕ ਲੜਕੀ ਦੇ ਭਰਾ ਦੀ ਪਟੀਸ਼ਨ ‘ਤੇ ਲੰਮੀ ਸੁਣਵਾਈ ਤੋਂ ਬਾਅਦ ਪੁਲਿਸ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਜਿਸ ਤੋਂ ਬਾਅਦ ਪੁਲਿਸ ਨੇ ਲੱਗਭੱਗ 12 ਸਾਲਾਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਰੇਪ ਅਤੇ ਬਲਾਤਕਾਰ ਅਤੇ ਹੋਰ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ। ਢੱਡਰੀਆਂ ਵਾਲੇ ਨੇ ਆਪਣੇ ‘ਤੇ ਹੋਈ ਕਾਰਵਾਈ ਤੋਂ ਬਾਅਦ ਆਪਣਾ ਪੱਖ ਰੱਖਦੇ ਹੋਏ ਇਸ ਮਾਮਲੇ ‘ਚ ਆਪਣੇ ਆਪ ਨੂੰ ਬੇਕਸੂਰ ਦੱਸਿਆ। ਉੱਥੇ ਦੂਜੇ ਪਾਸੇ ਇਸ ਮਾਮਲੇ ਨਾਲ ਜੁੜਿਆ ਇੱਕ ਅਹਿਮ ਪੱਖ ਸਾਹਮਣੇ ਆਇਆ ਹੈ ਕਿ ਢੱਡਰੀਆਂ ਵਾਲੇ ਦੇ ਖ਼ਿਲਾਫ਼ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨ ਵਾਲੇ ਮ੍ਰਿਤਕ ਲੜਕੀ ਦੇ ਭਰਾ ਸਾਹਿਬ ਸਿੰਘ ਅਚਾਨਕ ਲਾਪਤਾ ਹੋ ਗਿਆ ਹੈ। ਸਾਹਿਬ ਸਿੰਘ ਦੇ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਪਰਿਵਾਰ ਦਾ ਉਸ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ। ਦੱਸ ਦੇਈਏ ਕਿ ਢੱਡਰੀਆਂ ਵਾਲੇ ਦੇ ਖ਼ਿਲਾਫ਼ ਪੁਲਿਸ ਨੇ 7 ਦਸੰਬਰ ਨੂੰ ਹਾਈਕੋਰਟ ਦੇ ਹੁਕਮਾਂ ‘ਤੇ ਮੁਕੱਦਮਾ ਦਰਜ ਕੀਤਾ ਸੀ। ਹਾਈਕੋਰਟ ‘ਚ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਢੱਡਰੀਆਂ ਵਾਲੇ ਦੇ ਖ਼ਿਲਾਫ਼ ਪੁਲਿਸ ਨੂੰ ਕਾਰਵਾਈ ਕਰਨੀ ਪਵੇਗੀ ਕਿਉਂਕਿ ਹਾਈਕੋਰਟ ਨੇ ਇਸ ਮਾਮਲੇ ਵਿੱਚ ਪੁਲਿਸ ਖਿਲਾਫ ਸਖਤ ਰੁਖ ਅਖਤਿਆਰ ਕੀਤਾ ਹੋਇਆ ਸੀ। ਭਾਵੇਂ ਕਿ ਢੱਡਰੀਆਂ ਵਾਲੇ ਦੇ ਖ਼ਿਲਾਫ਼ ਮਾਮਲਾ 7 ਦਸੰਬਰ ਨੂੰ ਦਰਜ ਕੀਤਾ ਗਿਆ ਪ੍ਰੰਤੂ ਪਰਿਵਾਰ ਦੇ ਕਹਿਣ ਮੁਤਾਬਕ ਸਾਹਿਬ ਸਿੰਘ ਇੱਕ ਮਹੀਨੇ ਤੋਂ ਲਾਪਤਾ ਹੈ। ਸਾਹਿਬ ਸਿੰਘ ਦੇ ਲਾਪਤਾ ਹੋਣ ਦੀ ਕਹਾਣੀ ਨੇ ਇਸ ਮਾਮਲੇ ਨੂੰ ਹੋਰ ਪੇਚੀਦਾ ਬਣਾ ਦਿੱਤਾ ਹੈ ਕਿਉਂਕਿ ਪਰਿਵਾਰ ਦੇ ਦੋਸ਼ਾਂ ਦੇ ਤੀਰ ਵੀ ਪਰਮੇਸ਼ਵਰ ਦੁਆਰ ਵੱਲ ਹੀ ਜਾ ਰਹੇ ਹਨ।