ਚੰਡੀਗੜ੍ਹ, 21 ਨਵੰਬਰ, Gee98 news service
-ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਸਕੀਮ ਦਾ ਗ਼ਲਤ ਲਾਭ ਲੈਣ ਵਾਲੇ ਖਪਤਕਾਰਾਂ ‘ਤੇ ਸਿਕੰਜਾ ਕਸਣ ਦਾ ਫੈਸਲਾ ਕੀਤਾ ਹੈ। ਸਰਕਾਰ ਦੇ ਹੁਕਮਾਂ ‘ਤੇ ਪਾਵਰਕਾਮ ਨੇ ਇਸ ਸਕੀਮ ਦਾ ਗ਼ਲਤ ਲਾਭ ਲੈਣ ਵਾਲੇ ਖਪਤਕਾਰਾਂ ਦੀ ਚੈਕਿੰਗ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਾਵਰਕਾਮ ਦੇ ਬੁਲਾਰੇ ਅਨੁਸਾਰ 300 ਯੂਨਿਟ ਮੁਫਤ ਬਿਜਲੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਨਵੇਂ ਕੁਨੈਕਸ਼ਨਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਕੀਮ ਦਾ ਇੱਕੋ ਹੀ ਪਰਿਵਾਰ ‘ਚ ਡਬਲ ਲਾਭ ਲੈਣ ਲਈ ਗਲਤ ਤਰੀਕੇ ਨਾਲ ਮੀਟਰ ਲਗਾਉਣ ਲਈ ਹਰ ਹੀਲਾ ਵਰਤਿਆ ਗਿਆ ਅਤੇ ਇੱਕ ਘਰ ਵਿੱਚ 2 ਮੀਟਰ ਲਗਾ ਕੇ ਮੁਫਤ ਬਿਜਲੀ ਸਕੀਮ ਦਾ ਦੁੱਗਣਾ ਲਾਭ ਲੈਣ ਦੀ ਕਥਿਤ ਕੋਸ਼ਿਸ਼ ਕੀਤੀ ਗਈ ਸੀ। ਹੁਣ ਗਲਤ ਢੰਗ ਨਾਲ ਲਗਾਏ ਗਏ ਮੀਟਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੀਟਰ ਉਤਾਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨਵੇਂ ਮੀਟਰ ਲਗਾਉਣ ਨਾਲ ਬਿਜਲੀ ਦੀ ਮੰਗ ਨੇ ਰਿਕਾਰਡ ਤੋੜ ਦਿੱਤੇ ਅਤੇ ਸਰਕਾਰ ‘ਤੇ ਸਬਸਿਡੀ ਦਾ ਬੋਝ ਵਧ ਗਿਆ। ਨਵੇਂ ਕੁਨੈਕਸ਼ਨਾਂ ਕਾਰਨ ਬਿਜਲੀ ਦੀ ਮੰਗ ਇੰਨੀ ਵੱਧ ਗਈ ਕਿ ਪਾਵਰਕੌਮ ਮੈਨੇਜਮੈਂਟ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪਾਵਰਕੌਮ ਨੇ ਗਲਤ ਢੰਗ ਨਾਲ ਲਗਾਏ ਮੀਟਰਾਂ ਖਿਲਾਫ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਭਵਿੱਖ ਵਿੱਚ ਵਿਭਾਗ ਨੂੰ ਰਾਹਤ ਮਿਲ ਸਕੇ। ਇੱਕ ਪਾਸੇ ਜਿੱਥੇ ਗਲਤ ਤਰੀਕੇ ਨਾਲ ਲਗਾਏ ਗਏ ਮੀਟਰਾਂ ਵਿਰੁੱਧ ਕਾਰਵਾਈ ਕਰਨ ਨਾਲ pspcl ਨੂੰ ਫਾਇਦਾ ਹੋਵੇਗਾ, ਉਥੇ ਹੀ ਦੂਜੇ ਪਾਸੇ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਬੱਚਤ ਹੋਵੇਗੀ। ਇਸ ਕਾਰਨ ਪਾਵਰਕਾਮ ਵੱਲੋਂ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਤਹਿਤ ਗਲਤ ਢੰਗ ਨਾਲ ਮੀਟਰ ਲਗਾਉਣ ਵਾਲਿਆਂ ਦੇ ਮੀਟਰ ਉਤਾਰੇ ਜਾਣਗੇ।