ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਆਗੂਆਂ ਦੀ ਇੱਕ ਸੂਚੀ ਵੀ ਬਰਾਮਦ
ਬਰਨਾਲਾ,20 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਪੁਲਿਸ ਨੇ ਜ਼ਿਮਨੀ ਚੋਣ ਦੌਰਾਨ ਨਸ਼ੇ ਅਤੇ ਪੈਸੇ ਵੰਡਣ ਦੀ ਕਨਸੋਅ ‘ਤੇ ਸਖ਼ਤੀ ਕਰਦੇ ਹੋਏ ਜ਼ਿਮਨੀ ਚੋਣ ਲੜ ਰਹੀ ਇੱਕ ਪਾਰਟੀ ਦੇ ਉਮੀਦਵਾਰ ਦੇ ਖਾਸ ਆਦਮੀ ਕੋਲੋਂ ਲੱਖਾਂ ਰੁਪਏ ਦੀ ਨਗਦੀ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਹਰਿੰਦਰ ਸਿੰਘ ਨਾਮ ਦੇ ਵਿਅਕਤੀ ਕੋਲੋਂ 7,50,000 ਦੀ ਨਗਦੀ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਵਿਅਕਤੀ ਹਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧਿਤ ਹੈ ਅਤੇ ਉਸ ਕੋਲੋਂ ਹੰਢਿਆਇਆ ਖੇਤਰ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਵਿਅਕਤੀਆਂ ਦੀ ਇੱਕ ਸੂਚੀ ਦੀ ਬਰਾਮਦ ਹੋਈ ਹੈ, ਜਿਸ ਉੱਪਰ ਉਹਨਾਂ ਦੇ ਨਾਮ ਅਤੇ ਫੋਨ ਨੰਬਰ ਲਿਖੇ ਹੋਏ ਹਨ। ਪੁਲਿਸ ਦਾ ਦਾਅਵਾ ਹੈ ਕਿ ਫੜੀ ਗਈ ਨਗਦੀ ਇਹਨਾਂ ਵਿਅਕਤੀਆਂ ਨੂੰ ਵੋਟਾਂ ਖਰੀਦਣ ਲਈ ਵੰਡੀ ਜਾਣੀ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਹਰਿੰਦਰ ਸਿੰਘ ਕੋਲੋਂ ਜਿਹੜੀ ਸੂਚੀ ਬਰਾਮਦ ਕੀਤੀ ਗਈ ਉਸ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਿਖਿਆ ਹੋਇਆ ਹੈ ਅਤੇ ਉਸ ਉੱਪਰ ਮਨਪ੍ਰੀਤ ਮਨੀ ਐਮਸੀ, ਨਾਜ਼ਮ ਸਿੰਘ, ਬੂਟਾ ਸਿੰਘ ਸਾਬਕਾ ਐਮਸੀ, ਬਿੰਦਰ ਸਿੰਘ, ਭੋਲਾ ਸਰਪੰਚ ਕੋਠੇ ਸਰਾਂ, ਹੈਪੀ ਸਟਾਰ ਡਾਇਮੰਡ ਢਾਬਾ, ਬੂਟਾ ਸਰਪੰਚ, ਪਾਲੀ ਸਿੰਘ ਹੰਡਿਆਇਆ, ਨਾਜਰ ਸਿੰਘ ਐਮਸੀ, ਮੱਖਣ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਹੰਢਿਆਇਆ, ਦਰਸ਼ਨ ਸਿੰਘ ਸਾਬਕਾ ਸਰਪੰਚ ਚੁੰਘਾ ਕੋਠੇ, ਦਰਸ਼ਨ ਸਰਪੰਚ ਦੁੱਲਟ ਕੋਠੇ ਅਤੇ ਭੁੱਲਰ ਯੂਥ ਆਗੂ ਦੇ ਨਾਮ ਲਿਖੇ ਹੋਏ ਹਨ ਅਤੇ ਇਹਨਾਂ ਸਾਰਿਆਂ ਦੇ ਬਕਾਇਦਾ ਫੋਨ ਨੰਬਰ ਵੀ ਲਿਖੇ ਹੋਏ ਹਨ ਜਿਨਾਂ ਨਾਲ ਹਰਿੰਦਰ ਸਿੰਘ ਨੇ ਫੋਨ ‘ਤੇ ਸੰਪਰਕ ਕਰਕੇ ਉਕਤ ਪੈਸੇ ਇਹਨਾਂ ਨੂੰ ਦੇਣੇ ਸਨ। ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਇਸ ਮਾਮਲੇ ਦੀ ਹੋਰ ਡੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਵੱਲੋਂ ਚੋਣ ਪ੍ਰਚਾਰ ਦੌਰਾਨ ਪੈਸੇ ਅਤੇ ਨਸ਼ੇ ਦੀ ਵਰਤੋਂ ਦੇ ਖ਼ਿਲਾਫ਼ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਗਿਆ ਸੀ ਅਤੇ ਹੁਣ ਵੋਟਾਂ ਪੈਣ ਦੀ ਪਹਿਲੀ ਰਾਤ ਉਹਨਾਂ ਦੇ ਨੇੜਲੇ ਸਾਥੀ ਨੂੰ ਲੱਖਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤੇ ਜਾਣ ਦੇ ਕਾਰਨ ਸੰਧੂ ਦੇ ਪ੍ਰਚਾਰ ‘ਤੇ ਵੀ ਸਵਾਲ ਖੜੇ ਹੋ ਗਏ ਹਨ। ਇਸ ਸਬੰਧੀ ਪੱਖ ਜਾਣਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੋਟੀ ਦੇ ਆਗੂਆਂ ਨੂੰ ਜਦ ਫੋਨ ਕੀਤਾ ਤਾਂ ਇਹਨਾਂ ਦੇ ਫੋਨ ਬੰਦ ਆ ਰਹੇ ਹਨ ਤੇ ਕਈਆਂ ਨੇ ਫੋਨ ਚੁੱਕੇ ਹੀ ਨਹੀਂ ਜਿਨਾਂ ਨੇ ਫੋਨ ਚੁੱਕੇ ਉਹਨਾਂ ਨੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਕੁਝ ਪੱਤਰਕਾਰਾਂ ਨੂੰ ਉਕਤ ਮਾਮਲੇ ਸਬੰਧੀ ਖ਼ਬਰ ਨਾ ਲਾਉਣ ਦੇ ਫੋਨ ਵੀ ਕੀਤੇ ਗਏ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵੱਲੋਂ ਸਮੁੱਚੇ ਚੋਣ ਪ੍ਰਚਾਰ ਦੌਰਾਨ ਆਪਣੇ ਆਪ ਨੂੰ ਸ਼ਹੀਦ ਬਾਬਾ ਦੀਪ ਸਿੰਘ ਦੀ ਵੰਸ਼ ਨਾਲ ਸਬੰਧਿਤ ਦੱਸਿਆ ਜਾਂਦਾ ਰਿਹਾ ਪ੍ਰੰਤੂ ਹੁਣ ਉਹ ਕਿਤੇ ਘਟਨਾ ਵਾਪਰਨ ਤੋਂ ਬਾਅਦ ਸ਼ਹੀਦ ਬਾਬਾ ਦੀਪ ਸਿੰਘ ਦੇ ਸ਼ਰਧਾਲੂਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਇਸ ਨਮੋਸ਼ੀਜਨਕ ਘਟਨਾ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੋਟ ਬੈਂਕ ‘ਤੇ ਵੀ ਅਸਰ ਪੈ ਸਕਦਾ ਹੈ। ਦੂਜੇ ਪਾਸੇ ਫੜੇ ਗਏ ਵਿਅਕਤੀ ਕੋਲੋਂ ਬਰਾਮਦ ਕੀਤੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਆਗੂਆਂ ਦੀ ਸੂਚੀ ਵੀ ਇਹ ਸਪੱਸ਼ਟ ਕਰਦੀ ਹੈ ਕਿ ਬਰਨਾਲਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਮਰਥਨ ਸਿਧਾਂਤਾਂ ਦੇ ਮੱਦੇਨਜ਼ਰ ਨਹੀਂ ਸਗੋਂ “ਮਨੀਰਾਮ” ਨਾਲ ਯਾਰੀ ਪਗਾਉਣ ਲਈ ਹੀ ਕੀਤਾ ਹੈ। ਚਰਚਾ ਇਹ ਵੀ ਹੈ ਕਿ ਹਰਿੰਦਰ ਸਿੰਘ ਨੂੰ ਇਹ ਲਿਸਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਥਾਨਕ ਕਿਹੜੇ ਆਗੂ ਨੇ ਦਿੱਤੀ ਹੋਵੇਗੀ, ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਸਥਾਨਕ ਚੋਟੀ ਦੇ ਆਗੂ ਵੀ ਸਵਾਲਾਂ ਦੇ ਘੇਰੇ ਵਿੱਚ ਹਨ।