ਚੰਡੀਗੜ੍ਹ,19 ਅਕਤੂਬਰ, Gee98 news service
-ਪੰਜਾਬ ਸਰਕਾਰ ਨੇ ਮਹਿਲਾ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਡਿਊਟੀ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ। ਪੰਜਾਬ ਦੀਆਂ ਮਹਿਲਾ ਡਾਕਟਰਾਂ ਅਤੇ ਸਟਾਫ਼ ਨਰਸਾਂ ਨੂੰ ਹੁਣ ਰਾਤ ਦੀ ਡਿਊਟੀ ਤੋਂ ਕੋਈ ਛੋਟ ਨਹੀ ਮਿਲੇਗੀ। ਇੱਕ ਹੈਰਾਨੀਜਨਕ ਫੈਸਲੇ ਵਿੱਚ ਪੰਜਾਬ ਸਰਕਾਰ ਨੇ ਇਹ ਵੱਡੀ ਸਹੂਲਤ ਖੋਹ ਲਈ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਾਰੀ ਪੱਤਰ ‘ਚ ਇਹ ਸਹੂਲਤ ਤੁਰੰਤ ਪ੍ਰਭਾਵ ਨਾਲ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਜਾਰੀ ਪੱਤਰ ਵਿੱਚ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਵਿਭਾਗ ‘ਚ 22-02-2001 ਤੋਂ ਕੰਮ ਕਰਦੀਆਂ ਮਹਿਲਾ ਡਾਕਟਰਾਂ, ਸਟਾਫ਼ ਨਰਸਾਂ ਅਤੇ ਸਮੂਹ ਪੈਰਾ ਮੈਡੀਕਲ ਸਟਾਫ਼, ਜਿਨ੍ਹਾਂ ਦੇ ਬੱਚੇ 18 ਮਹੀਨਿਆਂ ਦੀ ਉਮਰ ਤੋਂ ਘੱਟ ਦੇ ਹਨ, ਨੂੰ ਰਾਤ ਦੀ ਡਿਊਟੀ ਤੋਂ ਛੋਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀ ਗਈਆਂ ਸਨ, ਪਰ ਹੁਣ ਇਹ ਮਾਮਲਾ ਸਰਕਾਰ ਵੱਲੋਂ ਮੁੜ ਵਿਚਾਰਨ ਪਿੱਛੋਂ ਇਨ੍ਹਾਂ ਹਦਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਂਦਾ ਹੈ। ਸਰਕਾਰ ਦੇ ਇਹਨਾਂ ਨਵੇਂ ਹੁਕਮਾਂ ਤੋਂ ਬਾਅਦ ਡਾਕਟਰੀ ਵਰਗ ਵੱਲੋਂ ਸਖਤ ਪ੍ਰਤੀਕਿਰਿਆ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਮਾਹੌਲ ਮਹਿਲਾ ਸਟਾਫ਼ ਦੇ ਰਾਤ ਸਮੇਂ ਡਿਊਟੀ ਕਰਨ ਦੇ ਅਨੁਕੂਲ ਨਹੀਂ ਹੈ। ਸਮਾਜ ਵਿਰੋਧੀ ਅਨਸਰਾਂ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਦਿਨ ਸਮੇਂ ਵੀ ਡਾਕਟਰਾਂ ਉੱਪਰ ਹਮਲੇ ਅਤੇ ਹੋਰ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਦੇ ਯੋਗ ਪ੍ਰਬੰਧ ਨਹੀਂ ਹਨ। ਇੱਕ ਮਹਿਲਾ ਡਾਕਟਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਰਾਤ ਸਮੇਂ ਹਸਪਤਾਲਾਂ ਵਿੱਚ ਪੁਲਿਸ ਸੁਰੱਖਿਆ ਪ੍ਰਬੰਧ ਨਹੀਂ ਕਰਦੀ ਤਾਂ ਉਹਨਾਂ ਦੀ ਜਥੇਬੰਦੀ ਇਹਨਾਂ ਤਾਜ਼ੇ ਹੁਕਮਾਂ ਦੇ ਖ਼ਿਲਾਫ਼ ਸੰਘਰਸ਼ ਵੀ ਕਰ ਸਕਦੀ ਹੈ।