ਚੰਡੀਗੜ੍ਹ,12 ਫਰਵਰੀ, Gee98 news service
-ਫਰਵਰੀ ਮਹੀਨੇ ਦੇ ਤਿੰਨ ਦਿਨ ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਲੈਣ ਸਬੰਧੀ ਖਪਤਕਾਰਾਂ ਨੂੰ ਸਮੱਸਿਆਵਾਂ ਆਉਣਗੀਆਂ। ਪੈਟਰੋਲ ਪੰਪ ਡੀਲਰਜ ਐਸੋਸੀਏਸ਼ਨ ਨੇ 22 ਫਰਵਰੀ ਨੂੰ ਸੂਬੇ ਦੇ ਸਾਰੇ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੈ ਜਦਕਿ 15 ਫਰਵਰੀ ਨੂੰ ਪੈਟਰੋਲ ਪੰਪਾਂ ਵੱਲੋਂ ਪੈਟਰੋਲੀਅਮ ਕੰਪਨੀਆਂ ਤੋਂ ਪੈਟਰੋਲ ਤੇ ਡੀਜ਼ਲ ਦੀ ਖਰੀਦ ਨਹੀਂ ਕੀਤੀ ਜਾਵੇਗੀ ਅਤੇ ਨਾਲ ਹੀ 16 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਦੌਰਾਨ ਮੁਕੰਮਲ ਚੱਕਾ ਜਾਮ ਰਹਿਣ ਦੇ ਆਸਾਰ ਹਨ। ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਕਿਹਾ ਕਿ 15 ਫਰਵਰੀ ਨੂੰ ਖਰੀਦ ਨਹੀਂ ਹੋਵੇਗੀ 16 ਫਰਵਰੀ ਨੂੰ ਚੱਕਾ ਜਾਮ ਹੋਵੇਗਾ ਅਤੇ ਇਸ ਲਈ 16 ਅਤੇ 17 ਫਰਵਰੀ ਨੂੰ ਪੰਪਾਂ ‘ਤੇ ਪੈਟਰੋਲ ਤੇ ਡੀਜ਼ਲ ਦੀ ਕਮੀ ਦੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਕਿਉਂਕਿ 15 ਫਰਵਰੀ ਨੂੰ ਖਰੀਦ ਨਾ ਹੋਣ ਕਾਰਨ ਅਤੇ 16 ਫਰਵਰੀ ਨੂੰ ਚੱਕਾ ਜਾਮ ਹੋਣ ਕਾਰਨ 16 ਅਤੇ 17 ਫਰਵਰੀ ਨੂੰ ਪੈਟਰੋਲ ਪੰਪਾਂ ਦਾ ਸਟਾਕ ਪ੍ਰਭਾਵਿਤ ਹੋਵੇਗਾ। 16 ਫਰਵਰੀ ਨੂੰ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਨੇ ਭਾਰਤ ਬੰਦ ਦੇ ਸੱਦੇ ਦੀ ਵੀ ਹਮਾਇਤ ਕੀਤੀ ਹੈ। ਇਸ ਲਈ 16 ਅਤੇ 17 ਫਰਵਰੀ ਅਤੇ 22 ਫਰਵਰੀ ਨੂੰ ਪੰਜਾਬ ਦੇ ਪੈਟਰੋਲ ਪੰਪਾਂ ‘ਤੇ ਡੀਜ਼ਲ ਅਤੇ ਪੈਟਰੋਲ ਨਹੀਂ ਮਿਲੇਗਾ ਕਿਉਂਕਿ ਦੋ ਦਿਨਾਂ ‘ਚ ਪੈਟਰੋਲ ਪੰਪਾਂ ਦਾ ਸਟਾਕ ਵੀ ਆਪਣੇ ਘੱਟੋ-ਘੱਟ ਪੱਧਰ ‘ਤੇ ਪਹੁੰਚ ਜਾਵੇਗਾ।ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ 2017 ਤੋਂ ਲੈ ਕੇ ਪੈਟਰੋਲੀਅਮ ਡੀਲਰਾਂ ਦੇ ਮਾਰਜਿਨ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਜਿਸ ਦੀ ਕਈ ਵਾਰ ਮੰਗ ਵੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਪੈਟਰੋਲੀਅਮ ਕੰਪਨੀਆਂ ਨੂੰ ਤਾਜ਼ਾ ਪੱਤਰ ਵੀ ਲਿਖਿਆ ਗਿਆ ਹੈ ਜਿਸ ਦੀ ਕਾਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜੀ ਗਈ ਹੈ।