ਚੰਡੀਗੜ੍ਹ,11 ਫਰਵਰੀ, Gee98 news service
-ਚੰਡੀਗੜ੍ਹ ਵਿੱਚ ਇੱਕ 40 ਕੁ ਹਜ਼ਾਰ ਦੀ ਸੈਕਿੰਡ ਹੈਂਡ ਐਕਟਿਵਾ ਨੂੰ ਟਰੈਫਿਕ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਛੁਡਵਾਉਣ ਲਈ ਐਕਟਿਵਾ ਦੇ ਮਾਲਕ ਨੂੰ ਢਾਈ ਲੱਖ ਦਾ ਚਲਾਨ ਭਰਨਾ ਪਵੇਗਾ। ਦਰਅਸਲ 8 ਫਰਵਰੀ ਨੂੰ ਟ੍ਰੈਫਿਕ ਪੁਲਿਸ ਨੇ ਗੁਰਿੰਦਰ ਸਿੰਘ ਸੈਣੀ ਦਾ ਹੈਲਮੇਟ ਨਾ ਪਹਿਨਣ ‘ਤੇ ਚਲਾਨ ਜਾਰੀ ਕਰਕੇ ਉਸ ਦਾ ਲਾਇਸੈਂਸ ਜ਼ਬਤ ਕਰ ਲਿਆ ਸੀ, ਅਗਲੇ ਦਿਨ ਗੁਰਿੰਦਰ ਚਲਾਨ ਦਾ ਭੁਗਤਾਨ ਕਰਨ ਲਈ ਸੀਜੇਐਮ ਅਦਾਲਤ ਪਹੁੰਚਿਆ। ਉਥੇ ਚਲਾਨ ਸਲਿਪ ਦੇਖ ਕੇ ਜੱਜ ਨੇ 2000 ਰੁਪਏ ਜੁਰਮਾਨਾ ਲਿਖ ਦਿੱਤਾ। ਇਸ ‘ਤੇ ਸੈਣੀ ਨੇ ਜੱਜ ਨੂੰ ਅਪੀਲ ਕੀਤੀ ਕਿ ਇਹ ਹੁਣ ਤੱਕ ਦਾ ਉਸ ਦਾ ਪਹਿਲਾ ਚਲਾਨ ਹੈ, ਉਸ ਨੇ ਕਦੇ ਕੋਈ ਗਲਤੀ ਨਹੀਂ ਕੀਤੀ, ਇਸ ਲਈ ਜੁਰਮਾਨਾ ਥੋੜ੍ਹਾ ਘੱਟ ਕੀਤਾ ਜਾਵੇ ਪਰ ਜਦੋਂ ਜੱਜ ਨੇ ਸਾਰੀ ਫਾਈਲ ਚੈੱਕ ਕੀਤੀ ਤਾਂ ਜੱਜ ਸਾਹਿਬ ਵੀ ਹੈਰਾਨ ਰਹਿ ਗਏ। ਅਸਲ ਵਿੱਚ ਚੰਡੀਗੜ੍ਹ ਵਿੱਚ ਐਕਟਵਾ ਚਲਾਉਂਦੇ ਹੋਏ ਗੁਰਿੰਦਰ ਸਿੰਘ ਸੈਣੀ ਵਾਸੀ ਮਨੀਮਾਜਰਾ ਨੇ 332 ਵਾਰ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਤੋਂ ਬਾਅਦ ਉਸ ਨੂੰ ਆਨਲਾਈਨ ਕਰੀਬ ਢਾਈ ਲੱਖ ਦੇ ਵੱਖ ਵੱਖ 151 ਚਲਾਨ ਜਾਰੀ ਕੀਤੇ ਗਏ ਪ੍ਰੰਤੂ ਗੁਰਿੰਦਰ ਸਿੰਘ ਨੇ ਇਹਨਾਂ ਵਿੱਚੋਂ ਇੱਕ ਵੀ ਚਲਾਨ ਨਹੀਂ ਭਰਿਆ ਸੀ। ਇੰਨੇ ਚਲਾਨ ਸੁਣ ਕੇ ਸੈਣੀ ਖੁਦ ਵੀ ਹੈਰਾਨ ਰਹਿ ਗਿਆ ਅਤੇ ਨਾਇਬ ਕੋਰਟ ਨਾਲ ਬਹਿਸ ਕਰਨ ਤੋਂ ਬਾਅਦ ਚਲਾਨ ਪੇਸ਼ ਕੀਤੇ ਬਿਨਾਂ ਹੀ ਅਦਾਲਤ ਤੋਂ ਭੱਜ ਗਿਆ। ਜਿਸ ਤੋਂ ਬਾਅਦ ਜੱਜ ਨੇ ਉਸ ਦਾ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰਨ ਦਾ ਹੁਕਮ ਦਿੱਤਾ ਹੈ। ਨਾਲ ਹੀ ਸੈਕਟਰ-36 ਦੇ ਐਸਐਚਓ ਨੂੰ ਨਾਇਬ ਕੋਰਟ ਨਾਲ ਝਗੜਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਨੇ ਸੈਣੀ ਖ਼ਿਲਾਫ਼ ਧਾਰਾ 186, 332, 353 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ। ਜੱਜ ਇਸ ਗੱਲੋਂ ਵੀ ਹੈਰਾਨ ਸਨ ਕਿ ਇੰਨੇ ਸਾਰੇ ਚਲਾਨ ਸਨ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਲਾਲ ਬੱਤੀ ਜੰਪਿੰਗ ਦੇ ਸਨ। ਸੈਣੀ ਦੀ ਐਕਟਿਵਾ ਦੇ ਨੰਬਰ ਦੇ ਆਧਾਰ ‘ਤੇ ਮਿਲੇ ਔਨਲਾਈਨ ਰਿਕਾਰਡ ਅਨੁਸਾਰ ਚੰਡੀਗੜ੍ਹ ਟਰੈਫਿਕ ਪੁਲਿਸ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਦੇ ਵੀ ਇੰਨੇ ਚਲਾਨ ਨਹੀਂ ਕੀਤੇ ਗਏ। ਸੈਣੀ ਦੇ ਚਲਾਨ 27 ਮਾਰਚ 2022 ਤੋਂ 7 ਫਰਵਰੀ 2024 ਤੱਕ ਸਨ। ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਜਦੋਂ ਤੋਂ ਔਨਲਾਈਨ ਚਲਾਨ ਸ਼ੁਰੂ ਹੋਏ ਹਨ, ਇਹ ਪਹਿਲਾ ਮਾਮਲਾ ਹੈ, ਜਿੱਥੇ ਕਿਸੇ ਦੇ ਇੰਨੇ ਚਲਾਨ ਹੋਏ ਹਨ।