-ਵਕਫ਼ ਬੋਰਡ ਦੇ ਤੱਤਕਾਲੀਨ ਅਧਿਕਾਰੀ ਨੇ ਕੀਤਾ ਦਾਅਵਾ
ਚੰਡੀਗੜ੍ਹ, 7 ਜੁਲਾਈ-ਯੂਪੀ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਦੇ ਪੁੱਤਰਾਂ ਨੂੰ ਵਕਫ਼ ਬੋਰਡ ਦੀ ਜ਼ਮੀਨ ਦੇਣ ਸਬੰਧੀ ਵਕਫ਼ ਬੋਰਡ ਦੇ ਤੱਤਕਾਲੀਨ ਅਧਿਕਾਰੀਆਂ ਦੇ ਖ਼ੁਲਾਸੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਟਹਿਰੇ ‘ਚ ਖੜ੍ਹਾ ਕਰ ਦਿੱਤਾ ਹੈ। ਅੰਸਾਰੀ ਦੇ ਪੁੱਤਰਾਂ ਨੂੰ ਵਕਫ਼ ਬੋਰਡ ਦੀ ਜ਼ਮੀਨ ਲੀਜ਼ ‘ਤੇ ਦੇਣ ਸਮੇਂ ਵਕਫ਼ ਬੋਰਡ ਦੇ ਕਾਰਜਕਾਰੀ ਅਧਿਕਾਰੀ ਰਹੇ ਅਬਦੁਲ ਰਸੀਦ ਉਸਮਾਨੀ ਨੇ ਦੱਸਿਆ ਕਿ ਇਸ ਜ਼ਮੀਨ ਸਬੰਧੀ 2019 ‘ਚ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਸਭ ਤੋਂ ਉੱਚੀ ਦੇਣ ਬੋਲੀ ਦੇਣ ਵਾਲੇ ਵਿਅਕਤੀਆਂ ਅੱਬਾਸ ਅੰਸਾਰੀ ਤੇ ਉਮਰ ਅੰਸਾਰੀ ਨੂੰ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਹੀ ਜ਼ਮੀਨ ਅਲਾਟ ਕੀਤੀ ਗਈ ਸੀ । ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਦੇ ਸਮੇਂ ਦੌਰਾਨ ਹੀ 2022 ਜ਼ਮੀਨ ਦੀ ਲੀਜ਼ ਰੀਨਿਊ ਵੀ ਕੀਤੀ ਗਈ ਸੀ । ਪੰਜਾਬ ਵਕਫ਼ ਬੋਰਡ ਦੇ ਰੂਪਨਗਰ ਦੇ ਮੌਜੂਦਾ ਈਓ ਬਹਾਰ ਅਹਿਮਦ ਨੇ ਵੀ ਦਾਅਵਾ ਕੀਤਾ ਕਿ ਅੰਸਾਰੀ ਦੇ ਪੁੱਤਰਾਂ ਨੂੰ ਵਕਫ਼ ਬੋਰਡ ਦੇ ਨਿਯਮਾਂ ਅਨੁਸਾਰ ਹੀ ਜ਼ਮੀਨ ਦਿੱਤੀ ਗਈ ਹੈ । ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਮੁਖ਼ਤਾਰ ਅੰਸਾਰੀ ਨਾਲ ਆਪਣੀ ਨਿੱਜੀ ਨੇੜਤਾ ਕਾਰਨ ਹੀ ਉਸਦੇ ਪੁੱਤਰਾਂ ਨੂੰ ਵਕਫ਼ ਬੋਰਡ ਦੀ ਜ਼ਮੀਨ ਦਿੱਤੀ ਸੀ । ਵਕਫ਼ ਬੋਰਡ ਦੇ ਅਧਿਕਾਰੀਆਂ ਦੇ ਤਾਜ਼ਾ ਖ਼ੁਲਾਸੇ ਅਨੁਸਾਰ ਵਿਰੋਧੀਆਂ ਨੇ ਮੁੱਖ ਮੰਤਰੀ ਦੇ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ ।