ਚੰਡੀਗੜ੍ਹ,28 ਅਗਸਤ, Gee98 News service
–ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੀ ਭਾਜਪਾ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਨੂੰ ਵੀ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵੀਰਵਾਰ ਚੰਡੀਗੜ੍ਹ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਲਾਡੋ ਲਕਸ਼ਮੀ ਯੋਜਨਾ ਤਹਿਤ 25 ਸਤੰਬਰ ਤੋਂ ਸੂਬੇ ਦੀਆਂ ਮਹਿਲਾਵਾਂ ਨੂੰ 2100 ਪ੍ਰਤੀ ਮਹੀਨਾ ਦਿੱਤੇ ਜਾਣਗੇ। ਹਰਿਆਣਾ ਸਰਕਾਰ ਨੇ ਆਪਣੇ ਪਿਛਲੇ ਬਜਟ ਵਿੱਚ ਇਸ ਯੋਜਨਾ ਲਈ 5 ਹਜ਼ਾਰ ਕਰੋੜ ਰੁਪਏ ਦਾ ਫੰਡ ਪਹਿਲਾਂ ਹੀ ਮਨਜ਼ੂਰ ਕੀਤਾ ਹੋਇਆ ਹੈ। ਸਰਕਾਰ ਦਾ ਦਾਅਵਾ ਹੈ ਕਿ ਪਹਿਲੇ ਦੌਰ ਵਿੱਚ ਲੱਗਭੱਗ 20 ਲੱਖ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਹਰਿਆਣਾ ਸਰਕਾਰ ਦੀ ਪੈਨਸ਼ਨ ਪ੍ਰਾਪਤ ਔਰਤਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਪ੍ਰੰਤੂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਔਰਤ ਨੂੰ ਇਸ ਸਕੀਮ ਦਾ ਵਾਧੂ ਲਾਭ ਦਿੱਤਾ ਜਾਵੇਗਾ। 2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ 10 ਮਹੀਨਿਆਂ ਬਾਅਦ ਇਹ ਸਕੀਮ ਲਾਗੂ ਕਰ ਰਹੀ ਹੈ।
ਦੂਜੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਲੱਗਭੱਗ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਸੂਬੇ ਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕਰ ਸਕੀ। ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਵੀ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ ਪ੍ਰੰਤੂ ਉਥੇ ਪਿਛੜੀਆਂ ਸ਼੍ਰੇਣੀਆਂ ਦੀ ਔਰਤਾਂ ਨੂੰ ਹੀ ਇਹ ਸਕੀਮ ਦਿੱਤੀ ਜਾ ਰਹੀ ਹੈ। ਦਿੱਲੀ ਵਿੱਚ ਵੀ ਭਾਜਪਾ ਨੇ ਔਰਤਾਂ ਨੂੰ 2500 ਰੁਪਏ ਦੀ ਮਹਿਲਾ ਸਨਮਾਨ ਨਿਧੀ ਸਕੀਮ ਦਾ ਐਲਾਨ ਕੀਤਾ ਸੀ ਜਿਸ ਲਈ ਬਜਟ ਮਨਜ਼ੂਰ ਕੀਤਾ ਜਾ ਚੁੱਕਿਆ ਪਰੰਤੂ ਅਜੇ ਇਹ ਸਕੀਮ ਸ਼ੁਰੂ ਨਹੀਂ ਹੋਈ। ਹੁਣ ਹਰਿਆਣਾ ਸਰਕਾਰ ਵੱਲੋਂ ਔਰਤਾਂ ਨੂੰ 2100 ਪ੍ਰਤੀ ਮਹੀਨਾ 25 ਸਤੰਬਰ ਤੋਂ ਦੇਣ ਦੇ ਐਲਾਨ ਤੋਂ ਬਾਅਦ ਗੁਆਂਢੀ ਰਾਜਾਂ ਦੀਆਂ ਸਰਕਾਰਾਂ ‘ਤੇ ਦਬਾਅ ਪਵੇਗਾ, ਖਾਸ ਕਰਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰਿਆਣਾ ਦੇ ਇਸ ਐਲਾਨ ਨਾਲ ਵੱਧ ਦਬਾਅ ਵਿੱਚ ਰਹੇਗੀ ਕਿਉਂਕਿ ਪੰਜਾਬ ਦਾ ਖਜ਼ਾਨਾ ਸੂਬੇ ਦੀਆਂ ਔਰਤਾਂ ਨੂੰ 1100 ਪ੍ਰਤੀ ਮਹੀਨਾ ਦੇਣ ਦੀ ਯੋਜਨਾ ਲਾਗੂ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਪ੍ਰੰਤੂ ਸਰਕਾਰ ਦੇ ਕਾਰਜਕਾਲ ਦਾ ਸਮਾਂ ਨੇੜੇ ਆਉਣ ਕਰਕੇ ਇਹ ਯੋਜਨਾ ਸਰਕਾਰ ਦੇ ਗਲੇ ਦੀ ਹੱਡੀ ਬਣੀ ਹੋਈ ਹੈ।