ਚੰਡੀਗੜ੍ਹ,23 ਫਰਵਰੀ, Gee98 news service
-ਰਿਸ਼ਵਤ ਦੇ ਇੱਕ ਮਾਮਲੇ ਵਿੱਚ ਫਸੇ ਤਹਿਸੀਲਦਾਰ ਦੇ ਰੀਡਰ ਅਤੇ ਤਹਿਸੀਲ ਦੇ ਚਪੜਾਸੀ ਨੂੰ ਪੰਜ ਸਾਲ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ। ਹੁਸ਼ਿਆਰਪੁਰ ਦੀ ਵਿਸ਼ੇਸ਼ ਅਦਾਲਤ ਦੀ ਜੱਜ ਪਲਵਿੰਦਰ ਕੌਰ ਨੇ 5 ਸਾਲ ਪੁਰਾਣੇ ਰਿਸ਼ਵਤ ਮਾਮਲੇ ‘ਚ ਰੀਡਰ ਅਤੇ ਚਪੜਾਸੀ ਨੂੰ 5 ਸਾਲ ਦੀ ਸਜ਼ਾ ਤੇ 25-25 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ, ਜੁਰਮਾਨਾ ਨਾ ਦੇਣ ਦੀ ਸੂਰਤ ‘ਚ ਦੋਸ਼ੀਆਂ ਨੂੰ 2 ਮਹੀਨੇ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਰਿਸ਼ਵਤ ਦੇ ਇਸ ਮਾਮਲੇ ਦੇ ਵੇਰਵੇ ਅਨੁਸਾਰ ਚੌਕਸੀ ਵਿਭਾਗ ਨੇ 14 ਜਨਵਰੀ 2020 ਨੂੰ ਤਹਿਸੀਲਦਾਰ ਹੁਸ਼ਿਆਰਪੁਰ ਦੇ ਰੀਡਰ ਰੀਡਰ ਸਰਵਨ ਚੰਦ ਤੇ ਰਾਕੇਸ਼ ਕੁਮਾਰ ਨੂੰ ਚਪੜਾਸੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਪਿੰਡ ਅੱਜੋਵਾਲ ਦੇ ਵਾਸੀ ਹਰਦੀਪ ਸਿੰਘ ਦੀ ਸ਼ਿਕਾਇਤ ‘ਤੇ ਰੰਗੇ ਹੱਥੀਂ ਕਾਬੂ ਕੀਤਾ ਸੀ। ਸ਼ਿਕਾਇਤਕਰਤਾ ਨੇ ਚੌਕਸੀ ਵਿਭਾਗ ਨੂੰ ਦੱਸਿਆ ਸੀ ਕਿ ਰੀਡਰ ਨੇ ਪਲਾਟ ਦੀ ਰਜਿਸਟਰੀ ਲਈ 14 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ, ਜਦ ਕਿ ਸੌਦਾ 10 ਹਜ਼ਾਰ ਰੁਪਏ ‘ਚ ਹੋਇਆ ਸੀ। ਇਸ ਤੋਂ ਬਾਅਦ ਚੌਕਸੀ ਵਿਭਾਗ ਨੇ ਜਾਲ ਵਿਛਾ ਕੇ ਦੋਨਾਂ ਦੋਸ਼ੀਆਂ ਨੂੰ 2 ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਸੀ।ਜਿਸ ਤੋਂ ਬਾਅਦ ਦੋਨਾਂ ਦੋਸ਼ੀਆਂ ਖ਼ਿਲਾਫ਼ ਚੌਕਸੀ ਵਿਭਾਗ ਨੇ ਥਾਣਾ ਜਲੰਧਰ ‘ਚ ਮਾਮਲਾ ਦਰਜ ਕੀਤਾ ਸੀ।