-10 ਫਰਵਰੀ ਦੀ ਕੈਬਨਿਟ ਮੀਟਿੰਗ ਦਾ ਏਜੰਡਾ
ਚੰਡੀਗੜ੍ਹ,9 ਫਰਵਰੀ, Gee98 News service
-ਖ਼ੂਨ ਦੇ ਰਿਸ਼ਤਿਆਂ ਵਿੱਚ ਜਾਇਦਾਦ ਦੀਆਂ ਰਜਿਸਟਰੀਆਂ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿੱਤੀ ਝਟਕਾ ਦੇਣ ਜਾ ਰਹੀ ਹੈ। ਸਰਕਾਰ ਹੁਣ ਖ਼ੂਨ ਦੇ ਰਿਸ਼ਤੇ ਵਿੱਚ ਪ੍ਰਾਪਰਟੀ ਟ੍ਰਾਂਸਫਰ ਕਰਨ ਲਈ ਵੀ ਸਟੈਂਪ ਡਿਊਟੀ ਲਗਾਉਣ ‘ਤੇ 10 ਫਰਵਰੀ ਦੀ ਕੈਬਨਟ ਮੀਟਿੰਗ ਵਿੱਚ ਏਜੰਡਾ ਲੈ ਕੇ ਆ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਖੂਨ ਦੇ ਰਿਸ਼ਤੇ ‘ਚ ਪ੍ਰਾਪਰਟੀ ਟਰਾਂਸਫਰ ਦੀ ਕੋਈ ਫੀਸ ਨਹੀਂ ਲੱਗਦੀ ਪ੍ਰੰਤੂ ਜੇਕਰ 10 ਫਰਵਰੀ ਦੀ ਕੈਬਨਿਟ ਮੀਟਿੰਗ ਵਿੱਚ ਇਹ ਏਜੰਡਾ ਪਾਸ ਹੋ ਜਾਂਦਾ ਹੈ ਤਾਂ ਖ਼ੂਨ ਦੇ ਰਿਸ਼ਤੇ ‘ਚ ਹੁਣ ਪ੍ਰਾਪਰਟੀ ਟਰਾਂਸਫਰ ਕਰਨ ‘ਤੇ 2.5 ਫ਼ੀਸਦੀ ਤੱਕ ਦੀ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ। 10 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਦੀ ਬੈਠਕ ‘ਚ ਜੇਕਰ ਇਸ ਏਜੰਡੇ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਖੂਨ ਦੇ ਰਿਸ਼ਤੇ ‘ਚ ਪ੍ਰਾਪਰਟੀ ਟਰਾਂਸਫਰ ਹੋਣ ਵਾਲੀ ਮੁਫ਼ਤ ਦੀ ਸਹੂਲਤ ਬੰਦ ਹੋ ਜਾਏਗੀ। ਵਿਭਾਗ ਪਿਛਲੀਆਂ ਰਜਿਸਟਰੀਆਂ ਨੂੰ ਆਧਾਰ ਬਣਾ ਕੇ ਇਸਦੀ ਸਮੀਖਿਆ ਕਰ ਰਿਹਾ ਹੈ। ਵਿੱਤੀ ਸੰਕਟ ਨਾਲ ਜੂਝ ਰਹੇ ਸਰਕਾਰ ਦੇ ਅਧਿਕਾਰੀਆਂ ਨੇ ਸਰਕਾਰ ਦੇ ਕੰਨਾਂ ‘ਚ ਫੂਕ ਮਾਰੀ ਕਿ ਪੰਜਾਬ ‘ਚ ਇਸ ਸਮੇਂ ਕੁੱਲ ਰਜਿਸਟਰੀਆਂ ‘ਚ ਖੂਨ ਦੇ ਰਿਸ਼ਤਿਆਂ ‘ਚ ਹੋਣ ਵਾਲੀ ਰਜਿਸਟਰੀ 22 ਫ਼ੀਸਦੀ ਹੈ। ਜ਼ਿਕਰਯੋਗ ਹੈ ਕਿ ਹੁਣ ਜੇਕਰ ਕੋਈ ਵਿਅਕਤੀ ਆਪਣੀ ਪ੍ਰਾਪਰਟੀ ਆਪਣੇ ਬੇਟਿਆਂ, ਬੇਟੀਆਂ, ਪੋਤਿਆਂ, ਪੋਤੀਆਂ, ਦੋਹਤਿਆਂ ਤੇ ਦੋਹਤੀਆਂ ਨੂੰ ਟਰਾਂਸਫਰ ਕਰਦਾ ਹੈ ਤਾਂ ਉਸਨੂੰ ਹੁਣ ਇਕ (1%) ਫ਼ੀਸਦੀ ਸਟੈਂਪ ਡਿਊਟੀ ਦੇਣੀ ਪਵੇਗੀ ਅਤੇ ਜੇਕਰ ਕੋਈ ਆਪਣੇ ਭਰਾ, ਪਤਨੀ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਪ੍ਰਾਪਟੀ ਟਰਾਂਸਫਰ ਕਰਦਾ ਹੈ ਤਾਂ ਉਸ ‘ਤੇ 2.5 ਫ਼ੀਸਦੀ ਸਟੈਂਪ ਡਿਊਟੀ ਲਗਾਈ ਜਾਏਗੀ ਪਰਪਹਿਲਾਂ ਇਸ ‘ਤੇ ਛੋਟ ਸੀ। ਕੈਬਨਿਟ ‘ਚ ਇਸਨੂੰ ਏਜੰਡੇ ਦੇ ਰੂਪ ‘ਚ ਲਿਆਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਮਈ 2014 ‘ਚ ਤੱਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਖ਼ੂਨ ਦੇ ਰਿਸ਼ਤਿਆਂ ‘ਚ ਪ੍ਰਾਪਰਟੀ ਟਰਾਂਸਫਰ ਕਰਨ ‘ਤੇ ਲੱਗਣ ਵਾਲੀ ਫੀਸ ਮਾਫ਼ ਕਰਨ ਦਾ ਫ਼ੈਸਲਾ ਕੀਤਾ ਸੀ। ਉਸ ਤੋਂ ਪਹਿਲਾਂ ਇਹ ਪੰਜ ਫ਼ੀਸਦੀ ਸੀ ਤੇ ਜੇਕਰ ਪ੍ਰਾਪਰਟੀ ਕਿਸੇ ਔਰਤ ਦੇ ਨਾਂ ‘ਤੇ ਟਰਾਂਸਫਰ ਹੋਣੀ ਹੁੰਦੀ ਸੀ, ਤਾਂ ਉਸਨੂੰ ਤਿੰਨ ਫ਼ੀਸਦੀ ਸਟੈਂਪ ਡਿਊਟੀ ਦੇਣੀ ਪੈਂਦੀ ਸੀ। ਤਤਕਾਲੀ ਸਰਕਾਰ ਨੇ ਇਸਨੂੰ ਮਾਫ਼ ਕਰ ਦਿੱਤਾ ,ਬਲਕਿ ਭਰਾ ਤੋਂ ਭੈਣ ਨੂੰ ਪ੍ਰਾਪਰਟੀ ਟਰਾਂਸਫਰ ਹੋਣ ‘ਤੇ ਵੀ ਇਹ ਸਹੂਲਤ ਦਿੱਤੀ ਗਈ। ਰਜਿਸਟਰੀ ਤੇ ਸਟੈਂਪ ਡਿਊਟੀ ਤੋਂ ਸਰਕਾਰ ਨੂੰ ਇਸ ਸਾਲ 5,750 ਕਰੋੜ ਰੁਪਏ ਆਉਣ ਦੀ ਉਮੀਦ ਹੈ। ਪਿਛਲੇ ਸਾਲ ਦਸੰਬਰ ਤੱਕ 4,172 ਕਰੋੜ ਰੁਪਏ ਸਰਕਾਰ ਦੇ ਖਜ਼ਾਨੇ ‘ਚ ਆ ਚੁੱਕੇ ਹਨ। ਜਿਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਲਾਭ ਹੋਵੇਗਾ ਵਿੱਤੀ ਸੰਕਟ ਨਾਲ ਜੂੂਝ ਰਹੀ ਪੰਜਾਬ ਸਰਕਾਰ ਇਸ ਫੈਸਲੇ ਨਾਲ ਸਰਕਾਰ ਨੂੰ ਤਾਂ ਵਿੱਤੀ ਸੰਕਟ ਤੋਂ ਕਾਫ਼ੀ ਰਾਹਤ ਮਿਲੇਗੀ ਪ੍ਰੰਤੂ ਲੋਕਾਂ ਦੀਆਂ ਜੇਬਾਂ ਹੋਰ ਢਿੱਲੀਆਂ ਹੋਣਗੀਆਂ।