ਚੰਡੀਗੜ੍ਹ,13 ਜਨਵਰੀ, Gee98 news service
-ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਪਹਿਲਾਂ ਨਾਲੋਂ ਵਧੇਰੇ ਚਿੰਤਾਜਨਕ ਸਥਿਤੀ ਵਿੱਚ ਪੁੱਜ ਗਈ ਹੈ। ਜਗਜੀਤ ਸਿੰਘ ਡੱਲੇਵਾਲ ਫਸਲਾਂ ‘ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ 13 ਹੋਰ ਮੁੱਖ ਮੰਗਾਂ ਦੇ ਹੱਕ ‘ਚ ਪਿਛਲੇ 49 ਦਿਨਾਂ ਤੋਂ ਮਰਨ ਵਰਤ ‘ਤੇ ਹਨ, ਇਸ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਸਿਵਾਏ ਪਾਣੀ ਦੇ ਚਮਚੇ ਤੋਂ ਕੁਝ ਵੀ ਨਹੀਂ ਖਾਧਾ ਪੀਤਾ। ਡੱਲੇਵਾਲ ਦੀ ਦੇਖਭਾਲ ਕਰ ਰਹੀ ਡਾਕਟਰਾਂ ਦੀ ਟੀਮ ਦੇ ਇੱਕ ਮੈਂਬਰ ਨੇ ਭਾਵੁਕ ਲਹਿਜ਼ੇ ਵਿੱਚ ਕਿਹਾ ਕਿ “ਕਿਸੇ ਵੇਲੇ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ”। ਡੱਲੇਵਾਲ ਦੇ ਨੇੜਲੇ ਸੂਤਰਾਂ ਅਨੁਸਾਰ “ਉਹ ਹੱਡੀਆਂ ਦੀ ਮੁੱਠ ਬਣ ਚੁੱਕੇ ਹਨ, ਹੁਣ ਤਾਂ ਹੱਡੀਆਂ ਵੀ ਮੁੜਨੀਆਂ ਸ਼ੁਰੂ ਹੋ ਚੁੱਕੀਆਂ ਹਨ”। ਡੱਲੇਵਾਲ ਦੇ ਮਰਨ ਵਰਤ ਦੇ ਪਹਿਲੇ ਦਿਨ ਤੋਂ ਲੈ ਕੇ ਮੌਕੇ ‘ਤੇ ਹਾਜ਼ਰ ਬੀ ਕੇ ਯੂ ਸਿੱਧੂਪੁਰ ਦੇ ਇੱਕ ਆਗੂ ਨੇ ਕਿਹਾ ਕਿ “ਇਹ ਮਸਲਾ ਕਿਸੇ ਇਨਸਾਨ ਦੇ ਮਰਨ ਵਰਤ ਨਾਲ ਸੰਬੰਧਿਤ ਨਹੀਂ ਸਗੋਂ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨੀ ਮੰਗਾਂ ਦੀ ਖਾਤਰ ਆਪਣੇ ਜੀਵਨ ਦਾ ਬਲੀਦਾਨ ਦੇਣ ਦਾ ਪ੍ਰਣ ਕੀਤਾ ਲੱਗਦਾ ਹੈ”। ਸੂਤਰਾਂ ਅਨੁਸਾਰ ਜਥੇਬੰਦੀ ਦੇ ਕੁਝ ਸੀਨੀਅਰ ਆਗੂਆਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਲੈਣ ਦੀ ਬੇਨਤੀ ਕੀਤੀ ਪ੍ਰੰਤੂ ਡੱਲੇਵਾਲ ਨੇ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਡਾਕਟਰੀ ਟੀਮ ਦੇ ਇੱਕ ਹੋਰ ਮੈਂਬਰ ਨੇ ਸੀਨੀਅਰ ਪੱਤਰਕਾਰਾਂ ਨੂੰ ‘ਆਫ਼ ਦੀ ਰਿਕਾਰਡ’ ਦੱਸਿਆ ਕਿ “ਹੁਣ ਡੱਲੇਵਾਲ ਦੇ ਸਰੀਰ ਨੇ ਹੀ ਡੱਲੇਵਾਲ ਦੀ ਚਮੜੀ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ”। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ 15 ਜਨਵਰੀ ਦੀ ਮੀਟਿੰਗ ਪਹਿਲਾਂ ਕਰਨ ਦੀ ਅਪੀਲ ਤੋਂ ਵੀ ਇਹ ਜ਼ਾਹਿਰ ਹੁੰਦਾ ਹੈ ਕਿ ਡੱਲੇਵਾਲ ਦੀ ਸਰੀਰਕ ਸਥਿਤੀ ਠੀਕ ਨਹੀਂ ਹੈ। ਆਗੂ ਵੀ ਇਹ ਮੰਨ ਚੁੱਕੇ ਹਨ ਕਿ ਕਿਸੇ ਵੇਲੇ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ। ਸੂਤਰਾਂ ਅਨੁਸਾਰ ਜਗਜੀਤ ਸਿੰਘ ਡੱਲੇਵਾਲ ਆਪਣੇ ਨੇੜਲੇ ਕਿਸਾਨ ਆਗੂਆਂ ਨੂੰ ਆਪਣੀ ਅੰਤਿਮ ਇੱਛਾ ਦੀਆਂ ਕੁਝ ਗੱਲਾਂ ਵੀ ਦੱਸਣ ਲੱਗ ਪਏ ਹਨ। ਜੇਕਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਅਤੇ ਕੇਂਦਰ ਸਰਕਾਰ ਨੇ ਇੱਕ ਦੂਜੇ ਤੇ ਮੋਢੇ ‘ਤੇ ਬੰਦੂਕਾਂ ਰੱਖੀਆਂ ਹਨ। ਪੰਜਾਬ ਸਰਕਾਰ ਪੈਦਾ ਹੋਈ ਸਥਿਤੀ ਲਈ ਸਿਰਫ਼ ਤੇ ਸਿਰਫ਼ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਮੰਨ ਰਹੀ ਹੈ, ਪ੍ਰੰਤੂ ਕਿਸਾਨੀ ਨਾਲ ਸਬੰਧਿਤ ਕੁਝ ਮੰਗਾਂ ਅਜਿਹੀਆਂ ਵੀ ਹਨ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਹਨ ਅਤੇ ਜੇਕਰ ਕੋਈ ਅਣਹੋਣੀ ਘਟਨਾ ਵਾਪਰਦੀ ਵੀ ਹੈ ਤਾਂ ਪੰਜਾਬ ਸਰਕਾਰ ਵੀ ਆਪਣੇ ਆਪ ਨੂੰ ਪੈਦਾ ਹੋਣ ਵਾਲੇ ਹਾਲਾਤਾਂ ਤੋਂ ਸੁਰਖਰੂ ਨਹੀਂ ਮੰਨ ਸਕਦੀ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਕੇ ਦਿੱਤੇ ਸਮਰਥਨ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਦੀ ਅਗਲੀ ਰੂਪਰੇਖਾ ਉਲੀਕੀ ਜਾ ਰਹੀ ਹੈ ਪ੍ਰੰਤੂ ਕੁਝ ਆਗੂਆਂ ਦਾ ਕਹਿਣਾ ਹੈ ਕਿ ਅਗਲੀ ਰੂਪਰੇਖਾ ਡੱਲੇਵਾਲ ਦੇ ਮਰਨ ਵਰਤ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਹੀ ਹੋਵੇਗੀ।