ਚੰਡੀਗੜ੍ਹ,9 ਜਨਵਰੀ, Gee98 news service
-ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਇੱਕ ਹੋਰ ਸਖ਼ਤ ਧਾਰਾ ਲਗਾ ਦਿੱਤੀ ਹੈ। BBC ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸੰਸਥਾਪਕ ਮਰਹੂਮ ਦੀਪ ਸਿੱਧੂ ਦੇ ਸਾਥੀ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਕੇਸ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਨਾਮਜਦ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਪੁਲਿਸ ਨੇ ਚੁੱਪ ਚੁਪੀਤੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੀ ਧਾਰਾ ਲਗਾ ਦਿੱਤੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਗੈਂਗਸਟਰ ਅਰਸ਼ ਡੱਲਾ ਨੂੰ ਵੀ ਇਸੇ ਧਾਰਾ ਤਹਿਤ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ ਦਾ ਹਰੀਨੌ ਪਿੰਡ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਮੋਟਰਸਾਈਕਲ ‘ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ। ਗੁਰਪ੍ਰੀਤ ਸਿੰਘ ਮਰਹੂਮ ਅਦਾਕਾਰ ਦੀਪ ਸਿੱਧੂ ਵੱਲੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਬਣਾਉਣ ਦੇ ਸਮੇਂ ਤੋਂ ਦੀਪ ਸਿੱਧੂ ਨਾਲ ਜੁੜ ਕੇ ਜਥੇਬੰਦੀ ਲਈ ਕੰਮ ਕਰਦਾ ਸੀ।ਇਸ ਕੇਸ ਦੀ ਜਾਂਚ ਕਰਨ ਰਹੀ ਪੰਜਾਬੀ ਪੁਲਿਸ ਦੀ ਐੱਸਆਈਟੀ ਨੇ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ ʼਤੇ ਅਮ੍ਰਿਤਪਾਲ ਸਿੰਘ, ਅਤੇ ਅਰਸ਼ ਡੱਲਾ ਨੂੰ ਵੀ ਨਾਮਜ਼ਦ ਕੀਤਾ ਸੀ। ਇਸ ਕੇਸ ਵਿੱਚ ਪੁਲਿਸ ਵੱਲੋਂ ਕਤਲ ਕਰਨ ਵਾਲੇ ਦੋ ਸ਼ੂਟਰਾਂ, ਰੇਕੀ ਕਰਨ ਵਾਲੇ 3 ਮੁਲਜ਼ਮਾਂ ਤੋਂ ਇਲਾਵਾ ਉਨ੍ਹਾਂ ਦਾ ਸਾਥ ਦੇਣ ਵਾਲੇ ਸਹਿ-ਮੁਲਜ਼ਮ ਨੂੰ ਕਾਬੂ ਕਰ ਲਿਆ ਸੀ। ਇਹ ਸਾਰੇ ਮੁਲਜ਼ਮ ਨਿਆਂਇਕ ਹਿਰਾਸਤ ਦੇ ਤਹਿਤ ਜੇਲ੍ਹ ਵਿੱਚ ਬੰਦ ਹਨ। ਹੁਣ ਇਸ ਕੇਸ ਵਿੱਚ ਯੂਏਪੀਏ ਦੀ ਧਾਰਾ ਵੀ ਲਗਾ ਦਿੱਤੀ ਹੈ ਜਿਸ ਬਾਰੇ ਅਦਾਲਤ ਨੂੰ ਲਿਖਤੀ ਰੂਪ ਵਿੱਚ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਦਰਅਸਲ, ਡੀਜੀਪੀ ਗੌਰਵ ਯਾਦਵ ਨੇ ਗੁਰਪ੍ਰੀਤ ਦੇ ਕਤਲ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਦਾਅਵਾ ਕੀਤਾ ਸੀ ਕਿ ਜਾਂਚ ਦੌਰਾਨ ਅਜਿਹੇ ਸਬੂਤ ਮਿਲੇ ਹਨ ਜੋ ਕਤਲ ਦੀ ਸਾਜ਼ਿਸ਼ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਭੂਮਿਕਾ ਨੂੰ ਦਰਸਾਉਂਦੇ ਹਨ।