ਬਰਨਾਲਾ,9 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦੀ ਵਸਨੀਕ ਇੱਕ ਲੜਕੀ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ 10 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਤੋਂ ਬਾਅਦ ਜਦ ਪੈਸੇ ਵਾਪਸ ਨਹੀਂ ਕੀਤੇ ਗਏ ਤਾਂ ਪੀੜ੍ਹਤ ਲੜਕੀ ਆਪਣੇ ਪਿਤਾ ਸਮੇਤ ਪਾਣੀ ਵਾਲੀ ਟੈਂਕੀ ‘ਤੇ ਪੈਟਰੋਲ ਵਾਲੀ ਬੋਤਲ ਲੈ ਕੇ ਚੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਿਤ ਲੜਕੀ ਜਸਪ੍ਰੀਤ ਕੌਰ ਨੂੰ ਆਸਟਰੇਲੀਆ ਭੇਜਣ ਦੇ ਨਾਮ ‘ਤੇ ਪਿੰਡ ਦੇ ਹੀ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ 10 ਲੱਖ ਰੁਪਏ 2021 ਵਿੱਚ ਲਏ ਸਨ ਪਰੰਤੂ ਕੁਝ ਸਮੇਂ ਬਾਅਦ ਜਗਤਾਰ ਸਿੰਘ ਨੇ 12 ਲੱਖ ਰੁਪਏ ਹੋਰ ਮੰਗ ਕੀਤੀ। ਜਸਪ੍ਰੀਤ ਕੌਰ ਦੇ ਪਰਿਵਾਰ ਕੋਲ ਹੋਰ ਪੈਸੇ ਨਾ ਹੋਣ ਕਰਕੇ ਦੁਬਾਰਾ 12 ਲੱਖ ਰੁਪਏ ਨਾ ਦਿੱਤੇ ਜਾ ਸਕੇ ਅਤੇ ਪਰਿਵਾਰ ਨੇ ਪਹਿਲਾਂ ਦਿੱਤੇ 10 ਲੱਖ ਰੁਪਏ ਵੀ ਵਾਪਸ ਮੰਗੇ, ਜਿਸ ਤੋਂ ਬਾਅਦ ਜਗਤਾਰ ਸਿੰਘ ਟਾਲ ਮਟੋਲ ਕਰਦਾ ਰਿਹਾ ਤੇ ਇਸੇ ਟਾਲ ਮਟੋਲ ਵਿੱਚ ਲਗਭਗ ਤਿੰਨ ਸਾਲ ਦਾ ਸਮਾਂ ਲੰਘ ਗਿਆ। ਇਸ ਦੌਰਾਨ ਜਸਪ੍ਰੀਤ ਕੌਰ ਵੱਲੋਂ ਐਸਐਸਪੀ ਬਰਨਾਲਾ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਗਈ ਜਿਸ ਦੀ ਪੜਤਾਲ ਡੀਐਸਪੀ ਤਪਾ ਨੇ ਕੀਤੀ ਜਿੱਥੇ ਜਗਤਾਰ ਸਿੰਘ ਨੇ ਇੱਕ ਸਾਲ ਦੇ ਵਿੱਚ ਵਿੱਚ ਸਾਰੇ ਪੈਸੇ ਵਾਪਸ ਕਰਨ ਦੀ ਗੱਲ ਮੰਨੀ ਪਰ ਪੈਸੇ ਵਾਪਸ ਨਹੀਂ ਕੀਤੇ। ਜਸਪ੍ਰੀਤ ਕੌਰ ਨੇ ਦੱਸਿਆ ਕਿ ਇੱਕ ਸਾਲ ਦਾ ਸਮਾਂ ਪਿਛਲੇ ਮਹੀਨੇ ਦੀ 15 ਤਰੀਕ ਨੂੰ ਪੂਰਾ ਹੋ ਚੁੱਕਿਆ ਪਰ ਉਸ ਨੇ ਸਾਨੂੰ ਕੋਈ ਪੈਸਾ ਵਾਪਸ ਨਹੀਂ ਕੀਤਾ। ਪਰਿਵਾਰ ਨੇ ਆਪਣੀ ਲੜਕੀ ਨੂੰ ਵਿਦੇਸ਼ ਭੇਜਣ ਦੇ ਲਈ ਪਾਲਤੂ ਪਸ਼ੂ, ਸੋਨਾ ਵੇਚ ਕੇ ਅਤੇ ਕਰਜ਼ਾ ਲੈ ਕੇ ਜਗਤਾਰ ਸਿੰਘ ਨੂੰ 10 ਲੱਖ ਰੁਪਏ ਦਿੱਤੇ ਸਨ ਅਤੇ ਹੁਣ ਪੈਸੇ ਵਾਪਸ ਲੈਣ ਲਈ ਪਿਛਲੇ ਲਗਭਗ ਚਾਰ ਸਾਲ ਤੋਂ ਪਰਿਵਾਰ ਪ੍ਰਸ਼ਾਸਨ ਦੇ ਦਰ ‘ਤੇ ਧੱਕੇ ਖਾ ਰਿਹਾ ਹੈ। ਜਾਣਕਾਰੀ ਅਨੁਸਾਰ ਟੈਂਕੀ ‘ਤੇ ਚੜੇ ਪਿਓ ਧੀ ਕੋਲ ਪੈਟਰੋਲ ਦੀ ਇੱਕ ਬੋਤਲ ਵੀ ਹੈ। ਦੋਸ਼ੀ ਜਗਤਾਰ ਸਿੰਘ ਵੱਲੋਂ ਪੈਸੇ ਵਾਪਸ ਨਾ ਕੀਤੇ ਜਾਣ ਅਤੇ ਪ੍ਰਸ਼ਾਸਨ ਦੀ ਬੇਰੁਖੀ ਤੋਂ ਅੱਕੇ ਟੈਂਕੀ ‘ਤੇ ਚੜੇ ਪਿਓ ਧੀ ਨੇ ਕਿਹਾ ਕਿ ਉਹ ਉਦੋਂ ਤੱਕ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ ਜਦ ਤੱਕ ਉਹਨਾਂ ਦੇ ਪੈਸੇ ਵਾਪਸ ਨਹੀਂ ਮਿਲਦੇ, ਕਵਰ ਲਿਖੇ ਜਾਣ ਤੱਕ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਸਰੀਫ ਖਾਨ ਅਤੇ ਪਤਵੰਤੇ ਸੱਜਣ ਮਾਮਲੇ ਨੂੰ ਸੁਲਝਾਉਣ ਵਿੱਚ ਲੱਗੇ ਹੋਏ ਸਨ ਅਤੇ ਦੋਵੇਂ ਪਿਓ ਧੀ ਅਜੇ ਟੈਂਕੀ ਉੱਪਰ ਹੀ ਬੈਠੇ ਹਨ।