ਚੰਡੀਗੜ੍ਹ,21 ਨਵੰਬਰ, Gee98 news service
-ਕੈਨੇਡਾ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ੇ ਨਾਲ ਸੰਬੰਧਿਤ ਨਿਯਮ ਹੋਰ ਸਖਤ ਕਰ ਦਿੱਤੇ ਹਨ। ਹੁਣ ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖ਼ਲਾ ਲੈਂਦਾ ਹੈ ਤਾਂ ਉਹ ਉੱਥੇ ਪਹੁੰਚ ਕੇ ਕਾਲਜ ਬਦਲ ਨਹੀਂ ਸਕੇਗਾ। ਜੇਕਰ ਉਹ ਕਾਲਜ ਬਦਲਦਾ ਹੈ ਤਾਂ ਉਸ ਨੂੰ ਦੁਬਾਰਾ ਸਟੱਡੀ ਵੀਜ਼ਾ ਲੈਣਾ ਪਵੇਗਾ। ਜੇਕਰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਜਾਂਦੀ ਹੈ ਤਾਂ ਉਕਤ ਵਿਦਿਆਰਥੀ ਨੂੰ 30 ਦਿਨਾਂ ਅੰਦਰ ਕੈਨੇਡਾ ਛੱਡਣਾ ਪਵੇਗਾ। ਇਸਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਵਰਕ ਪਰਮਿਟ ਤੋਂ ਵਾਂਝਾ ਹੋ ਜਾਵੇਗਾ। ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਹੈ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੈ, ਤਾਂ ਫੀਸ ਵਾਪਸ ਨਹੀਂ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਵਿਦਿਆਰਥੀ ਜਿਸ ਕਾਲਜ ਤੋਂ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਸੀ, ਉਸ ਕਾਲਜ ਦਾ ਆਫਰ ਲੈਟਰ ਹਟਾ ਕੇ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈੱਬਸਾਈਟ ਅਤੇ ਜੀਸੀ ਪੋਰਟਲ ‘ਤੇ ਅਪਲੋਡ ਕਰ ਦਿੰਦਾ ਸੀ। ਅਪਲੋਡ ਹੁੰਦੇ ਹੀ ਵਿਦਿਆਰਥੀ ਰਿਫੰਡ ਦੀ ਮੰਗ ਕਰਦਾ ਸੀ। ਬਹੁਤੀ ਵਾਰ ਰਿਫੰਡ ਆ ਜਾਂਦਾ ਸੀ ਅਤੇ ਕਈ ਵਾਰ ਰਿਹ ਵੀ ਜਾਂਦਾ ਸੀ। ਕਾਲਜ ਬਦਲਣ ਨਾਲ ਵਿਦਿਆਰਥੀ ਵੀ ਗੁੰਮਰਾਹ ਹੋ ਰਹੇ ਸਨ। ਕਈ ਏਜੰਟ ਵਿਦਿਆਰਥੀਆਂ ਨੂੰ ਗੁੰਮਰਾਹ ਕਰਦੇ ਸਨ ਅਤੇ ਫੀਸਾਂ ਵਿੱਚ ਛੋਟ ਲੈਣ ਦੀ ਗੱਲ ਕਰਦੇ ਸਨ। ਵਿਦਿਆਰਥੀ ਏਜੰਟ ਤੋਂ ਪ੍ਰਭਾਵਿਤ ਹੋ ਕੇ ਆਪਣਾ ਕਾਲਜ ਬਦਲ ਲੈਂਦਾ ਸੀ। ਏਜੰਟ ਜਿਸ ਕਾਲਜ ਵਿੱਚ ਵਿਦਿਆਰਥੀ ਦਾ ਦਾਖ਼ਲਾ ਕਰਵਾਉਂਦੇ ਸਨ, ਉਸ ਤੋਂ ਕਮਿਸ਼ਨ ਲੈ ਲੈਂਦੇ ਸਨ। ਹੁਣ ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਮੁਤਾਬਕ ਕਾਲਜ ਨਹੀਂ ਬਦਲਿਆ ਜਾ ਸਕੇਗਾ।