- ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਹਾੜੇ ‘ਤੇ ਰਾਜ ਪੱਧਰੀ ਸਮਾਗਮ ‘ਚ ਜਾਣ ਦੀ ਬਜਾਏ ਚੋਣ ਰੈਲੀਆਂ ਨੂੰ ਦਿੱਤੀ ਪਹਿਲ
ਚੰਡੀਗੜ੍ਹ,17 ਨਵੰਬਰ, Gee98 news service
-ਸ਼ਹੀਦਾਂ ਦਾ ਨਾਮ ਵਰਤ ਕੇ ਅਤੇ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਉਹਨਾਂ ਦੇ ਜੱਦੀ ਪਿੰਡ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਦੀ ਬਜਾਏ ਜ਼ਿਮਨੀ ਚੋਣਾਂ ‘ਚ ਖੜੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਨੂੰ ਪਹਿਲ ਦਿੱਤੀ। ਦੱਸ ਦੇਈਏ ਕਿ ਬੀਤੇ ਕੱਲ੍ਹ 16 ਨਵੰਬਰ ਨੂੰ ਸ਼ਹੀਦ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਪੰਜਾਬ ਸਰਕਾਰ ਵੱਲੋਂ ਇੱਕ ਰਾਜ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਸਰਕਾਰ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪਿੰਡ ਸਰਾਭਾ ਤੋਂ ਕੁਝ ਕਿਲੋਮੀਟਰ ਦੀ ਦੂਰੀ ‘ਤੇ ਇੱਕ ਸਿਆਸੀ ਸਮਾਗਮ ਵਿੱਚ ਸ਼ਾਮਿਲ ਤਾਂ ਹੋਏ ਪ੍ਰੰਤੂ ਉਹਨਾਂ ਨੇ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਖੇਚਲਾ ਨਹੀਂ ਕੀਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ “ਮੇਰਾ ਰੰਗ ਦੇ ਬਸੰਤੀ ਚੋਲਾ” ਦੇਸ਼ ਭਗਤੀ ਗੀਤ ਦੇ ਸ਼ਬਦਾਂ ‘ਤੇ ਹਰ ਸਮਾਗਮ ‘ਚ ਐਂਟਰੀ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਕੱਲ੍ਹ ਪੰਜਾਬ ਵਿੱਚ ਹੀ ਸਨ ਪ੍ਰੰਤੂ ਕੇਜਰੀਵਾਲ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਬਜਾਏ ਆਪਣੀ ਪਾਰਟੀ ਉਮੀਦਵਾਰਾਂ ਦੀਆਂ ਚੋਣ ਰੈਲੀਆਂ ਸੰਬੋਧਨ ਕਰਨ ਨੂੰ ਪਹਿਲ ਦਿੱਤੀ। ਜਿਕਰਯੋਗ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਕੱਲ੍ਹ ਬਰਨਾਲਾ ਅਤੇ ਗਿੱਦੜਬਾਹਾ ਵਿਖੇ ਆਪਣੀ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਜੇਕਰ ਲੀਡਰਾਂ ਦੀਆਂ ਗੱਡੀਆਂ ਦੇ ਕਾਫਲੇ ਦੀ ਰਫਤਾਰ ਦੇ ਮੱਦੇਨਜ਼ਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਪਿੰਡ ਸਰਾਭਾ ਤੋਂ 40-45 ਮਿੰਟ ਕੁ ਦਾ ਰਸਤਾ ਹੈ ਪ੍ਰੰਤੂ ਫੇਰ ਵੀ ਆਮ ਆਦਮੀ ਪਾਰਟੀ ਦੇ ਦੋਵੇਂ ਵੱਡੇ ਆਗੂਆਂ ਨੇ ਬਰਨਾਲਾ ਤੋਂ ਗਿੱਦੜਬਾਹਾ ਵੱਲ ਨੂੰ ਮੂੰਹ ਕੀਤਾ ਅਤੇ ਸਰਾਭੇ ਵੱਲ ਨੂੰ ਪਿੱਠ ਕਰ ਲਈ। ਇਹ ਵੀ ਜਾਣਕਾਰੀ ਹੈ ਕਿ ਪਿੰਡ ਦੀ ਪੰਚਾਇਤ ਵੱਲੋਂ ਸਮਾਗਮ ‘ਚ ਕੈਬਨਿਟ ਮੰਤਰੀ ਦੇ ਮੂੰਹ ‘ਤੇ ਹੀ ਸ਼ਹੀਦ ਦੇ ਪਿੰਡ ਨੂੰ ਵਿਕਾਸ ਕਾਰਜਾਂ ਲਈ ਗਰਾਂਟਾਂ ਤੇ ਹੋਰ ਫੰਡ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਅੱਖੋਂ ਪਰੋਖੇ ਕਰਨ ਪ੍ਰਤੀ ਨਾਰਾਜ਼ਗੀ ਵੀ ਪ੍ਰਗਟ ਕੀਤੀ। ਬਹਰਰਾਲ ! ਆਪਣੀ ਪਾਰਟੀ ਦੇ ਹਰ ਸਮਾਗਮ ਦੀ ਸ਼ੁਰੂਆਤ ਅਤੇ ਸਮਾਪਤੀ ਇਨਕਲਾਬ ਜ਼ਿੰਦਾਬਾਦ ਨਾਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਜਾਣ ਦੀ ਬਜਾਏ ਆਪਣੀ ਪਾਰਟੀ ਦੀਆਂ ਸਿਆਸੀ ਰੈਲੀਆਂ ਨੂੰ ਪਹਿਲ ਦੇਣ ਕਰਕੇ ਵਿਰੋਧੀ ਪਾਰਟੀਆਂ ਦੇ ਸਵਾਲਾਂ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ ਸਗੋਂ ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਸ਼ਹੀਦਾਂ ਦੇ ਨਾਮ ਨੂੰ ਰਾਜਨੀਤੀ ਕਰਨ ਦੇ ਲਈ ਕਿਵੇਂ ਵਰਤਿਆ ਜਾ ਰਿਹਾ ਹੈ, ਜਦ ਕਿ ਸ਼ਹੀਦਾਂ ਦੇ ਦਿਹਾੜਿਆਂ ‘ਤੇ ਨਤਮਸਤਕ ਹੋਣ ਲਈ ਇਹਨਾਂ ਨੇਤਾਵਾਂ ਕੋਲ ਸਮਾਂ ਨਹੀਂ ਹੈ।
ਫੋਟੋ ਕੈਪਸ਼ਨ-ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਰਾਜਪੱਧਰੀ ਸਮਾਗਮ ‘ਚ ਪਿੰਡ ਸਰਾਭਾ ਪੁੱਜੇ ਕੈਬਨਿਟ ਮੰਤਰੀ ਦਾ ਸਨਮਾਨ ਕੀਤੇ ਜਾਣ ਦੀ ਤਸਵੀਰ