ਬਰਨਾਲਾ,16 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਚੋਣ ਸਰਗਰਮੀਆਂ ਪੂਰੇ ਜੋਬਨ ‘ਤੇ ਪੁੱਜ ਗਈਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਉਮੀਦਵਾਰਾਂ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਪੁੱਜ ਰਹੇ ਹਨ। ਅੱਜ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਬਰਨਾਲਾ ਦੇ ਫਰਵਾਹੀ ਬਾਜ਼ਾਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ, ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਕੈਬਨਿਟ ਮੰਤਰੀਆਂ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹਾਜ਼ਰ ਰਹਿਣਗੇ। ਸ੍ਰੀ ਕੇਜਰੀਵਾਲ ਦੀ ਬਰਨਾਲਾ ਆਮਦ ਦੇ ਮੱਦੇਨਜ਼ਰ ਸਮੁੱਚੇ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪਾਰਟੀ ਵੱਲੋਂ ਸ਼ਹਿਰ ਦੀ ਕਿਸੇ ਖੁੱਲ੍ਹੀ ਜਗ੍ਹਾ ਦੀ ਬਜਾਏ ਬਰਨਾਲਾ ਦੇ ਤੰਗ ਬਾਜ਼ਾਰ ਵਿੱਚ ਇਹ ਚੋਣ ਜਨਸਭਾ ਕੀਤੀ ਜਾ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਪੁਲਿਸ ਨੇ ਸੂਲੀ ‘ਤੇ ਟੰਗਿਆ ਹੋਇਆ ਹੈ। ਆਮ ਲੋਕਾਂ ਨੂੰ ਟਰੈਫਿਕ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਪੁਲਿਸ ਨੇ ਭਾਵੇਂ ਕਈ ਰੂਟ ਬਦਲ ਦਿੱਤੇ ਹਨ ਪ੍ਰੰਤੂ ਸ਼ਹਿਰ ਦੇ ਅੰਦਰੂਨੀ ਖੇਤਰ ‘ਚ ਰਹਿਣ ਵਾਲੇ ਸ਼ਹਿਰ ਵਾਸੀਆਂ ਨੂੰ ਅੱਜ ਸਵੇਰ ਤੋਂ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੰਝ ਤਾਂ ਭਾਵੇਂ ਬਾਜ਼ਾਰ ਵਿੱਚ ਦੁਕਾਨਦਾਰਾਂ ਨੇ ਸਵੇਰ ਤੋਂ ਆਪਣੀਆਂ ਦੁਕਾਨਾਂ ਖੋਲੀਆਂ ਹਨ ਪ੍ਰੰਤੂ ਜੇਕਰ ਗਾਹਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤਰ੍ਹਾਂ ਨਾਲ ਅੱਜ ਬਾਜ਼ਾਰਾਂ ਦੇ ਦੁਕਾਨਦਾਰਾਂ ਲਈ ਗਾਹਕਾਂ ਦੀ ਛੁੱਟੀ ਹੈ। ਸ਼ਹਿਰ ਦੀਆਂ ਐਂਟਰੀਆਂ ‘ਤੇ ਆਮ ਲੋਕ ਪੁਲਿਸ ਮੁਲਾਜ਼ਮਾਂ ਨਾਲ ਅੰਦਰ ਵਹੀਕਲ ਲਿਜਾਣ ਲਈ ਬਹਿਸ ਕਰ ਰਹੇ ਹਨ, ਜਦ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਵਹੀਕਲਾਂ ਨੂੰ ਐਂਟਰੀਆਂ ਤੋਂ ਹੀ ਵਾਪਸ ਮੋੜਿਆ ਜਾ ਰਿਹਾ ਜਾਂ ਫਿਰ ਬਦਲੇ ਹੋਏ ਰੂਟ ਵੱਲੋਂ ਆਉਣ ਲਈ ਕਿਹਾ ਜਾ ਰਿਹਾ ਹੈ ਜਿਸ ਕਰਕੇ ਲੋਕ ਸ਼ਹਿਰ ਦੇ ਅੰਦਰ ਜਾਣ ਦੀ ਬਜਾਏ ਵਾਪਸ ਹੀ ਮੁੜ ਰਹੇ ਹਨ। ਪੁਲਿਸ ਨਾਕਿਆਂ ਤੋਂ ਵਾਪਸ ਮੁੜ ਰਹੇ ਲੋਕ ਬੁੜ ਬੁੜ ਕਰ ਰਹੇ ਹਨ ਕਿ ਸਿਆਸੀ ਪਾਰਟੀਆਂ ਵੱਲੋਂ ਸ਼ਹਿਰ ਦੇ ਤੰਗ ਬਾਜ਼ਾਰਾਂ ਵਿੱਚ ਆਪਣੀਆਂ ਵੱਡੀਆਂ ਚੋਣ ਰੈਲੀਆਂ ਕਿਉਂ ਰੱਖੀਆਂ ਜਾਂਦੀਆਂ ਹਨ ਜਦਕਿ ਸ਼ਹਿਰ ਦੇ ਬਾਹਰ ਖੁੱਲੀਆਂ ਥਾਵਾਂ ਖਾਲੀ ਪਈਆਂ ਹਨ। ਦੱਸ ਦਈਏ ਕਿ ਪਹਿਲਾਂ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਮੌਕੇ ਵੀ ਸ਼ਹਿਰ ਦੇ ਇਹਨਾਂ ਤੰਗ ਬਾਜ਼ਾਰਾਂ ਨੂੰ ਵੱਡੀਆਂ ਚੋਣ ਰੈਲੀਆਂ ਲਈ ਚੁਣਿਆ ਜਾਂਦਾ ਰਿਹਾ ਹੈ ਪ੍ਰੰਤੂ ਜਿਸ ਤਰ੍ਹਾਂ ਹੁਣ ਆਮ ਲੋਕ ਇਹਨਾਂ ਤੰਗ ਬਾਜ਼ਾਰਾਂ ‘ਚ ਵੱਡੀਆਂ ਰੈਲੀਆਂ ਕਰਨ ਨੂੰ ਲੈ ਕੇ ਮੱਥੇ ‘ਤੇ ਤਿਉੜੀਆਂ ਪਾਉਣ ਲੱਗੇ ਹਨ ਉਹਨਾਂ ਨੂੰ ਵੇਖਦੇ ਲੱਗਦਾ ਹੈ ਕਿ ਸਿਆਸੀ ਪਾਰਟੀਆਂ ਨੂੰ ਸ਼ਹਿਰ ਦੇ ਤੰਗ ਬਾਜ਼ਾਰਾਂ ‘ਚ ਚੋਣ ਰੈਲੀਆਂ ਕਰਨ ਦੇ ਆਪਣੇ ਫੈਸਲੇ ‘ਤੇ ਵਿਚਾਰ ਕਰਨਾ ਪਵੇਗਾ।