ਬਰਨਾਲਾ, 6 ਨਵੰਬਰ (ਨਿਰਮਲ ਸਿੰਘ ਪੰਡੋਰੀ)-
–ਵਿਧਾਨ ਸਭਾ ਹਲਕਾ ਬਰਨਾਲੇ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਆਪਣੀ ਵਿਸ਼ੇਸ਼ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਭਾਜਪਾ ਦੇ ਇੱਕ ਸੀਨੀਅਰ ਆਗੂ ਵੱਲੋਂ ਆਪ ‘ਚ ਕੀਤੀ ਸਮੂਲੀਅਤ ਤੋਂ ਬਾਅਦ ਭਾਜਪਾ ਹਾਈ ਕਮਾਂਡ ਨੇ ਬਰਨਾਲਾ ਚੋਣ ਮੁਹਿੰਮ ਦੀ ਵਾਗਡੋਰ ਸੀਨੀਅਰ ਆਗੂਆਂ ਦੇ ਹੱਥ ਵਿੱਚ ਦੇ ਦਿੱਤੀ ਹੈ। ਭਾਜਪਾ ਦੀ ਇਸ ਵਿਸ਼ੇਸ਼ ਰਣਨੀਤੀ ਤਹਿਤ ਭਾਜਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਵਿਜੇ ਰੂਪਾਣੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਨੂੰ ਗੰਭੀਰਤਾ ਨਾਲ ਲਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਪੰਜਾਬ ਦੀਆਂ 2027 ਦੀਆਂ ਆਮ ਚੋਣਾਂ ਲਈ ਹੁਣੇ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਅਤੇ ਇਹ ਵਿਧਾਨ ਸਭਾ ਦੀਆਂ ਚਾਰ ਜਿਮਨੀ ਚੋਣਾਂ ਨੂੰ 2027 ਦੀਆਂ ਚੋਣਾਂ ਦਾ ਆਰੰਭ ਮੰਨ ਕੇ ਲੜਿਆ ਜਾ ਰਿਹਾ ਹੈ। ਸ਼੍ਰੀ ਰੁਪਾਨੀ ਨੇ ਪੰਜਾਬ ਦੀ ਆਪ ਸਰਕਾਰ ‘ਤੇ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਮੁਲਕ ਦੇ ਸਾਰੇ ਸੂਬੇ ਤਰੱਕੀ ਕਰ ਰਹੇ ਹਨ ਜਦ ਕਿ ਪੰਜਾਬ ਦਿਨੋਂ ਦਿਨ ਪਛੜਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰ ਖੇਤਰ ਵਿੱਚ ਪੰਜਾਬ ਦਾ ਮੰਦਾ ਹਾਲ ਹੈ ਤੇ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਕੇਂਦਰ ਦੀਆਂ ਭਾਈਵਾਲ ਯੋਜਨਾਵਾਂ ਸਬੰਧੀ ਵੀ ਪੰਜਾਬ ਦੀ ਆਪ ਸਰਕਾਰ ਕੇਂਦਰੀ ਨਿਯਮਾਂ ਦੇ ਤਹਿਤ ਕੰਮ ਨਹੀਂ ਕਰ ਰਹੀ ਪ੍ਰੰਤੂ “ਉਲਟਾ ਚੋਰ ਕੋਤਵਾਲ ਕੋ ਡਾਂਟੇ” ਅਨੁਸਾਰ ਦੋਸ਼ ਕੇਂਦਰ ਸਰਕਾਰ ‘ਤੇ ਲਗਾ ਰਹੀ ਹੈ। ਪੰਜਾਬ ‘ਚ ਝੋਨੇ ਦੀ ਖਰੀਦ ਸਬੰਧੀ ਪੈਦਾ ਹੋਈ ਵੱਡੀ ਸਮੱਸਿਆ ਲਈ ਵੀ ਸ੍ਰੀ ਵਿਜੇ ਰੂਪਾਣੀ ਨੇ ਸੂਬੇ ਦੀ ਆਪ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਕਿਹਾ ਕਿ ਕੇਂਦਰ ਨੇ ਝੋਨੇ ਦੀ ਖਰੀਦ ਲਈ ਲੋੜੀਂਦੇ ਫੰਡ ਸਮੇਂ ਸਿਰ ਜਾਰੀ ਕਰ ਦਿੱਤੇ ਸਨ ਪ੍ਰੰਤੂ ਆਪ ਸਰਕਾਰ ਨੇ ਝੋਨੇ ਦੀ ਖਰੀਦ ਲਈ ਅਗੇਤਰੇ ਲੋੜੀਦੇ ਪ੍ਰਬੰਧ ਨਹੀਂ ਕੀਤੇ। ਉਹਨਾਂ ਕਿਹਾ ਕਿ ਡੀਏਪੀ ਖਾਦ ਦੀ ਸਪਲਾਈ ਲਈ ਸੂਬਾ ਸਰਕਾਰ ਨੇ ਛੇ ਮਹੀਨੇ ਪਹਿਲਾਂ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਹੁੰਦੀ ਹੈ ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਵਾਏ ਕੇਂਦਰ ਨੂੰ ਨਿੰਦਣ ਤੋਂ ਹੋਰ ਕੁਝ ਕੀਤਾ ਹੀ ਨਹੀਂ। ਇਸ ਮੌਕੇ ਭਾਜਪਾ ਦੇ ਬਰਨਾਲਾ ਜ਼ਿਮਨੀ ਚੋਣ ਲਈ ਉਮੀਦਵਾਰ ਕੇਵਲ ਸਿੰਘ ਢਿੱਲੋ ਨੇ ਝੋਨੇ ਦੀ ਸਮੱਸਿਆ, ਡੀਏਪੀ ਦੀ ਘਾਟ ਦੀ ਸਮੱਸਿਆ, ਪੰਜਾਬ ‘ਚ ਅਮਨ ਕਾਨੂੰਨ ਦੇ ਹਾਲਾਤਾਂ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਬੇਰੁਜ਼ਗਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਸਬੰਧੀ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਇੱਕ ਵਾਰੀ “ਬੋਕ ਦੇ ਸਿੰਗਾਂ ਨੂੰ ਹੱਥ ਪੈ ਲੈਣ ਦਿਓ ਫਿਰ ਦੇਖਿਓ ਫੱਟੇ ਚੱਕ ਦਿਆਂਗੇ”। ਢਿੱਲੋ ਨੇ ਦੱਸਿਆ ਕਿ ਅੱਜ ਹੀ ਡੀਏਪੀ ਦੀ ਘਾਟ ਸਬੰਧੀ ਕੇਂਦਰੀ ਮੰਤਰੀ ਸ੍ਰੀ ਜੇਪੀ ਨੱਡਾ ਨਾਲ ਗੱਲ ਕੀਤੀ ਹੈ ਅਤੇ ਅੱਜ ਹੀ ਬਰਨਾਲੇ ਤੋਂ ਸੈਲਰ ਮਾਲਕਾਂ ਦਾ ਇੱਕ ਵਫਦ ਸ੍ਰੀ ਵਿਜੇ ਰੂਪਾਣੀ ਨੂੰ ਮਿਲਿਆ ਜਿਨਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਵੀ ਕੇਂਦਰ ਤੱਕ ਪਹੁੰਚ ਕੀਤੀ ਹੈ। ਪ੍ਰੈਸ ਕਾਨਫਰੰਸ ਸਮੇਂ ਬਰਨਾਲਾ ਚੋਣ ਲਈ ਭਾਜਪਾ ਵੱਲੋਂ ਲਗਾਏ ਕਨਵੀਨਰ ਸਾਬਕਾ ਮੰਤਰੀ ਸ੍ਰੀ ਮਨਰੰਜਨ ਕਾਲੀਆ, ਸਹਿ ਕਨਵਿੰਦਰ ਸ੍ਰੀ ਜਗਮੋਹਨ ਰਾਜੂ,ਸੀਨੀਅਰ ਭਾਜਪਾ ਆਗੂ ਸੰਜੀਵ ਖੰਨਾ, ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੈਟੀ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਕੌਂਸਲਰ ਨਰਿੰਦਰ ਗਰਗ ਨੀਟਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਹਾਜ਼ਰ ਸਨ।