ਬਰਨਾਲਾ,6 ਨਵੰਬਰ, Gee98 news service
-ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰਬੰਧਾਂ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ। ਇਹਨਾਂ ਖੇਡਾਂ ਦੌਰਾਨ ਲੱਖਾਂ ਰੁਪਏ ਦੇ ਘਪਲੇ ਨੂੰ ਲੈ ਕੇ ਇੱਕ ਪਟੀਸ਼ਨਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਫਰੀਦਕੋਟ ਦੇ ਇੱਕ ਵਾਸੀ ਕੁਲਦੀਪ ਸਿੰਘ ਅਟਵਾਲ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕਿਹਾ ਕਿ ਸਤੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਗਈਆਂ। ਪਟੀਸ਼ਨਰ ਕੁਲਦੀਪ ਸਿੰਘ ਵੱਲੋਂ ਆਰਟੀਆਈ ਰਾਹੀਂ ਪ੍ਰਾਪਤ ਕੀਤੀ ਸੂਚਨਾ ਵਿੱਚ ਸਾਹਮਣੇ ਆਇਆ ਕਿ ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਅਤੇ ਸਮਾਪਤੀ ਸਮਾਗਮ ‘ਤੇ ਲੱਗਭੱਗ 42 ਲੱਖ ਰੁਪਏ ਦਾ ਖਰਚ ਕੀਤਾ ਗਿਆ। ਪਟੀਸ਼ਨਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰਬੰਧਾਂ ‘ਚ ਲੱਖਾਂ ਰੁਪਏ ਦਾ ਘਪਲਾ ਹੋਣ ਦੀਆਂ ਦਲੀਲਾਂ ਦਿੱਤੀਆਂ ਜਿਸ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਵਿਜੀਲੈਂਸ ਨੂੰ ਇਹ ਜਾਂਚ ਸੌਂਪ ਦਿੱਤੀ ਅਤੇ ਸਾਰਾ ਰਿਕਾਰਡ ਸੀਲ ਕਰਨ ਦੇ ਹੁਕਮ ਦਿੱਤੇ। ਹਾਈਕੋਰਟ ਨੇ ਪਟੀਸ਼ਨਰ ਨੂੰ ਸੁਰੱਖਿਆ ਦੇਣ ਦੇ ਹੁਕਮ ਵੀ ਦਿੱਤੇ। ਜ਼ਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਮੁਕਾਬਲੇ ਪਹਿਲਾਂ ਬਲਾਕ ਪੱਧਰ, ਫਿਰ ਜ਼ਿਲ੍ਹਾ ਪੱਧਰ ਅਤੇ ਫਿਰ ਸਟੇਟ ਪੱਧਰ ‘ਤੇ ਹੋਏ ਸਨ। ਇਨਾਂ ਮੁਕਾਬਲਿਆਂ ਦੌਰਾਨ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਘਪਲੇਬਾਜ਼ੀ ਦੀ ਚਰਚਾ ਅਕਸਰ ਹੁੰਦੀ ਰਹੀ ਹੈ। ਚਰਚਾ ਹੈ ਕਿ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਰਿਫਰੈਸ਼ਮੈਂਟ ਵਿੱਚ ਹੀ ਵੱਡਾ ਘਪਲਾ ਕੀਤਾ ਗਿਆ, ਜਿਵੇਂ ਕਿ ਖਿਡਾਰੀਆਂ ਨੂੰ ਖਾਣ ਪੀਣ ਲਈ ਦਿੱਤਾ ਕੁਝ ਹੋਰ ਗਿਆ ਪ੍ਰੰਤੂ ਅਸਲ ਵਿੱਚ ਦਿਖਾਇਆ ਕੁਝ ਹੋਰ ਗਿਆ ਹੈ ਜਾਂ ਫਿਰ ਖਿਡਾਰੀਆਂ ਲਈ ਭੋਜਨ ਦੀ ਵਿਵਸਥਾ ਘੱਟ ਕੀਤੀ ਗਈ ਪ੍ਰੰਤੂ ਮੈਟੀਰੀਅਲ ਜ਼ਿਆਦਾ ਦਿਖਾ ਦਿੱਤਾ ਗਿਆ। ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਵੀ ਖੇਡਾਂ ਵਤਨ ਪੰਜਾਬ ਦੀਆਂ ਦੇ ਪ੍ਰਬੰਧਾਂ ‘ਤੇ ਉਂਗਲ ਉੱਠਦੀ ਰਹੀ ਹੈ। ਬਰਨਾਲਾ ਜ਼ਿਲ੍ਹੇ ਵਿੱਚ ਵੀ ਜੇਕਰ ਖੇਡਾਂ ਵਤਨ ਪੰਜਾਬ ਦੀਆਂ ਸਬੰਧੀ ਹੋਏ ਸਾਰੇ ਮੁਕਾਬਲਿਆਂ ਦੇ ਪ੍ਰਬੰਧਾਂ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਤਾਂ ਇੱਥੇ ਵੀ ਘਪਲੇ ਦੇ ਵੱਡੇ ਸੱਪ ਨਿਕਲ ਸਕਦੇ ਹਨ।