ਬਰਨਾਲਾ,6 ਨਵੰਬਰ ( ਨਿਰਮਲ ਸਿੰਘ ਪੰਡੋਰੀ )-
-ਪੰਜਾਬ ਸਟੇਟ ਫਾਰਮੇਸੀ ਕੌਂਸਲ ਦੀਆਂ ਚੋਣਾਂ ਵਿੱਚ ਸੁਸ਼ੀਲ ਕੁਮਾਰ ਬਾਂਸਲ ਦੇ ਧੜੇ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਕਰੀਬ ਇੱਕ ਮਹੀਨੇ ਤੋਂ ਕੌਂਸਲ ਦੀਆਂ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਸੀ ਅਤੇ ਹੁਣ ਸੰਪੰਨ ਹੋਈਆਂ ਚੋਣਾਂ ਵਿੱਚ ਸੁਸ਼ੀਲ ਕੁਮਾਰ ਬਾਸਲ ਨੇ ਸਭ ਤੋਂ ਵੱਧ ਰਿਕਾਰਡ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਉਸਦੇ ਪੈਨਲ ਦੇ ਸਾਰੇ ਉਮੀਦਵਾਰ ਵੀ ਜਿੱਤ ਗਏ। ਕੌਂਸਲ ਦੀ ਚੋਣ ਲਈ ਪਈਆਂ ਵੋਟਾਂ ਦੇ ਨਤੀਜੇ ਤੋਂ ਬਾਅਦ ਮੌਜੂਦਾ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਸਭ ਤੋਂ ਵੱਧ 8601 ਵੋਟਾਂ ਲੈ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਦੇ ਪੈਨਲ ਦੇ ਪੰਜ ਮੈਂਬਰ ਸੰਜੀਵ ਕੁਮਾਰ, ਸੁਰਿੰਦਰ ਸ਼ਰਮਾ, ਰਵੀ ਸ਼ੰਕਰ ਨੰਦਾ, ਤਜਿੰਦਰਪਾਲ ਸਿੰਘ ਅਤੇ ਗੁਰਜੀਤ ਠਾਕੁਰ ਨੇ ਵੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਸਟੇਟ ਫਾਰਮੇਸੀ ਕੌਸਲ ਦੇ ਕਰੀਬ 40 ਹਜ਼ਾਰ ਮੈਂਬਰਾਂ ਨੇ ਨਵੀਂ ਬਾਡੀ ਦੀ ਚੋਣ ਕੀਤੀ। ਜ਼ਿਕਰਯੋਗ ਹੈ ਕਿ ਸ੍ਰੀ ਸੁਸ਼ੀਲ ਕੁਮਾਰ ਬਾਂਸਲ ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਜੰਮਪਲ ਹਨ ਜਿਨਾਂ ਨੇ ਮਹਿਰਕਲਾਂ ਦੇ ਨਿਰੋਲ ਪੇਂਡੂ ਖੇਤਰ ਵਿੱਚ ਨਰਸਿੰਗ ਦੀ ਵਿਦਿਆ ਦਾ ਇੱਕ ਅਜਿਹਾ ਪੌਦਾ ਲਗਾਇਆ ਜੋ ਹੁਣ ਵੱਡਾ ਰੁੱਖ ਬਣ ਚੁੱਕਿਆ ਹੈ, ਜਿੱਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੜਕੀਆਂ ਨੇ ਨਰਸਿੰਗ ਦੀ ਵਿਦਿਆ ਪ੍ਰਾਪਤ ਕਰਕੇ ਵਿਦੇਸ਼ਾਂ ਵਿੱਚ ਅਤੇ ਇਧਰ ਪੰਜਾਬ ‘ਚ ਆਪਣਾ ਭਵਿੱਖ ਬਣਾਇਆ ਹੈ। ਕੌਂਸਲ ਦੀਆਂ ਚੋਣਾਂ ‘ਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੁਸੀਲ ਕੁਮਾਰ ਬਾਂਸਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਫਾਰਮੇਸੀ ਕੌਂਸਲ ਪੰਜਾਬ ਸਰਕਾਰ ਦਾ ਇੱਕ ਅਦਾਰਾ ਹੈ ਅਤੇ ਇਸ ਦੀਆਂ ਚੋਣਾਂ ਪੰਜ ਸਾਲ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾਂਦੀਆਂ ਹਨ।